ਸ੍ਰੀ ਆਨੰਦਪੁਰ ਸਾਹਿਬ : ਖ਼ਾਲਸੇ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਸਿੱਖਾਂ ਦਾ ਕੌਮੀ ਦਿਹਾੜਾ ਹੋਲਾ ਮੁਹੱਲਾ ਰਿਵਾਇਤ ਮੁਤਾਬਕ 'ਮੁਹੱਲਾ' ਸਜਾਇਆ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੱਖ-ਵੱਖ ਕੱਢੇ ਗਏ ਇਸ ਮੁਹੱਲੇ ਵਿੱਚ ਨਿਹੰਗ ਜਥੇਬੰਦੀਆਂ ਨੇ ਖ਼ਾਲਸਾਈ ਖੇਡਾਂ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਆਨੰਦਪੁਰ ਸਾਹਿਬ ਦੀ ਧਰਤੀ ਕੇਸਰੀ ਤੇ ਨੀਲੇ ਰੰਗ ਵਿੱਚ ਰੰਗੀ ਗਈ ਜਾਪਦੀ ਸੀ। ਚਾਰੇ ਪਾਸੇ ਖ਼ਾਲਸਾਈ ਜਾਹੋ ਜਲਾਲ ਵੇਖਣ ਨੂੰ ਮਿਲਿਆ। ਮੁਹੱਲੇ ਦੌਰਾਨ ਸੰਗਤ ਨੇ ਇੱਕ ਦੂਜੇ 'ਤੇ ਗੁਲਾਲ ਸੁੱਟਿਆ ਤੇ ਜੈਕਾਰਿਆਂ ਨਾਲ ਅੰਬਰ ਗੂੰਜਣ ਲਾ ਦਿੱਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਇਹ ਮੁਹੱਲਾ ਕਿਲਾ ਆਨੰਦਗੜ੍ਹ, ਕਿਲਾ ਲੋਹਗੜ੍ਹ, ਕਿਲਾ ਫ਼ਤਿਹਗੜ੍ਹ ਸਾਹਿਬ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਪੁੱਜਾ। ਇੱਥੇ ਨਿਹੰਗ ਜਥੇਬੰਦੀਆਂ ਨੇ ਖ਼ਾਲਸਾਈ ਖੇਡਾਂ ਵਿੱਚ ਆਪਣੀ ਕਲਾ ਦੇ ਖ਼ੂਬ ਜੌਹਰ ਵਿਖਾਏ ਤੇ ਇੱਕ-ਦੂਜੇ 'ਤੇ ਰੰਗ ਵੀ ਮਲਿਆ। ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਵਿੱਚ ਕੱਢੇ ਗਏ ਮੁਹੱਲੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਕਮੇਟੀ ਮੈਂਬਰਾਂ ਤੇ ਨਿਹੰਗ ਜਥੇਬੰਦੀਆਂ ਨੇ ਵੀ ਸ਼ਿਰਕਤ ਕੀਤੀ।