Punjab News: ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੀਸ ਸਸਕਾਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਾਇਆ ਗਿਆ। ਇਸ ਸਮਾਗਮ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਥ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਪੰਥ ਦੇ ਮਹਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜਥੇਬੰਦੀ ਨਾਲ ਸੰਬੰਧਿਤ ਬਾਬਾ ਮੇਜਰ ਸਿੰਘ ਸੋਢੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਸੰਗਤਾਂ ਨੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਧਾਰਮਿਕ ਦੀਵਾਨ ਵਿੱਚ ਸ਼ਿਰਕਤ ਕੀਤੀ।


ਦੱਸਣ ਯੋਗ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਉਹ ਮੁਕੱਦਸ ਧਰਤੀ ਹੈ ਜਿਸ ਧਰਤੀ ਨੂੰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਆਪਣੇ ਹੱਥੀ ਵਸਾਇਆ ਗਿਆ ਸੀ, ਤੇ ਹਿੰਦੂ ਧਰਮ ਦੀ ਰਾਖੀ ਦੇ ਲਈ ਜਦੋਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਤਾਂ ਉਨ੍ਹਾਂ ਦੇ ਸੀਸ ਨੂੰ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਤੇ ਜਿਸ ਸਥਾਨ ਤੇ ਉਹਨਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਸ ਸਥਾਨ ਤੇ ਮੌਜੂਦਾ ਸਮੇਂ ਵਿੱਚ ਗੁਰਦੁਆਰਾ ਸੀਸ ਸਾਹਿਬ ਸੁਸ਼ੋਭਿਤ ਹਨ। ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਸੀਸ ਸਸਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿੱਥੇ ਪੰਥ ਪ੍ਰਸਿੱਧ ਕੀਰਤਨੀਏ, ਤੇ ਕਥਾਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦੇ ਹਨ।


ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਵਿਸ਼ੇਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਉਦਮ ਅਤੇ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਤੇ ਭਾਈ ਪਿੰਦਰਪਾਲ ਸਿੰਘ ਦੇ ਉਦਮ ਸਦਕਾ ਪਿਛਲੇ ਸਾਲ ਤੋਂ ਇਥੇ ਮਨਾਉਣਾ ਸ਼ੁਰੂ ਕੀਤਾ ਗਿਆ ਹੈ ਤੇ ਅੱਜ ਇਹ ਸਮਾਗਮ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਗੁਰ ਇਤਿਹਾਸ ਨਾਲ ਸਾਂਝ ਪਾਈ।


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਈ ਰਾਜੋਵਾਣਾ ਜਾਂ ਹੋਰ ਬੰਦੀ ਸਿੰਘਾਂ ਸੰਬੰਧੀ ਕੀਤੀ ਟਿੱਪਣੀ ਬਾਰੇ ਬੋਲਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਆਈਪੀਸੀ ਦੇ ਵਿੱਚ ਬਦਲਾਵ ਕੀਤਾ ਗਿਆ ਹੈ ਪਰ ਜਿਹੜਾ ਬਦਲਾਵ ਜਿਸ ਤਰੀਕ ਤੋਂ ਹੋਇਆ ਹੈ ਉਹ ਉਸੇ ਤਰੀਕ ਤੋਂ ਲਾਗੂ ਹੁੰਦਾ ਹੈ ਨਾ ਕਿ ਪਿਛਲੀ ਤਾਰੀਕ ਤੋਂ ਲਾਗੂ ਕੀਤਾ ਜਾ ਸਕਦਾ। ਧਾਮੀ ਨੇ ਕਿਹਾ ਕਿ ਇਹ ਪੁਰਾਣੇ ਕੇਸ ਹਨ ਤੇ ਇਹਨਾਂ ਦੇ ਉੱਤੇ ਇਹ ਤਰਮੀਮ ਲਾਗੂ ਨਹੀਂ ਹੁੰਦੀ।


ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਸਸਕਾਰ ਦਿਵਸ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਸੰਗਤਾਂ ਸਮੇਤ ਖੁਦ ਨੂੰ ਵਡਭਾਗਾ ਦੱਸਿਆ, ਚੀਮਾ ਨੇ ਕਿਹਾ ਕਿ ਅੱਜ ਦੇ ਇਸ ਮਹਾਨ ਦਿਵਸ ਦੇ ਉਨ੍ਹਾਂ ਨੂੰ ਜਿੱਥੇ ਗੁਰੂ ਘਰ ਨਤਮਸਤਕ ਹੋਣ ਦਾ ਮੌਕਾ ਮਿਲਿਆ ਉੱਥੇ ਹੀ ਪੰਥ ਦੇ ਪ੍ਰਸਿੱਧ ਕੀਰਤਨੀਏ ਤੇ ਕਥਾਵਾਚਕਾਂ ਵੱਲੋਂ ਗੁਰ ਇਤਿਹਾਸ ਸੁਣਨ ਦਾ ਮੌਕਾ ਮਿਲਿਆ।


ਚੀਮਾ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਉਹ ਸਥਾਨ ਹੈ ਜਿਸ ਅਸਥਾਨ ਤੇ ਦੇਸ਼ ਦੇ ਮੈਂਬਰ ਪਾਰਲੀਮੈਂਟ ਆਪਣੀਆਂ ਸਮੱਸਿਆਵਾਂ ਜਾਂ ਲੋਕ ਮਸਲੇ ਰੱਖਦੇ ਹਨ ਤੇ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਹਨਾਂ ਸਮੱਸਿਆਵਾਂ ਤੇ ਲੋਕ ਮਸਲਿਆਂ ਨੂੰ ਗੌਰ ਨਾਲ ਸੁਣ ਕੇ ਉਹਨਾਂ ਦਾ ਹੱਲ ਲੱਭਿਆ ਜਾਵੇ। ਉਹਨਾਂ ਕਿਹਾ ਜਿਸ ਤਰੀਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਸੰਬੰਧ ਵਿੱਚ ਗ੍ਰਹਿ ਮੰਤਰੀ ਵੱਲੋਂ ਤਰਕ ਦਿੱਤਾ ਗਿਆ ਉਸ ਨਾਲ ਮਨ ਨੂੰ ਠੇਸ ਪਹੁੰਚਦੀ ਹੈ। ਉਹਨਾਂ ਕਿਹਾ ਕਿ 28 ਸਾਲ ਕਾਲ ਕੋਠੜੀਆਂ ਵਿੱਚ ਭਾਈ ਰਾਜੋਆਣਾ ਸਮੇਤ ਹੋਰ ਬੰਦੀ ਸਿੰਘਾਂ ਨੇ ਕੱਟੇ ਹਨ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰੰਤੂ ਸਰਕਾਰ ਅਜੇ ਵੀ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਜੋ ਕਿ ਬੇਹਦ ਮੰਦਭਾਗਾ ਹੈ। ਉਹਨਾਂ ਮੰਗ ਕੀਤੀ ਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਲਦ ਇਹ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਇਸ ਮਸਲੇ ਤੇ ਹੌਸਲਾ ਦਿੰਦੇ ਤੇ ਧੀਰਜ ਦੇ ਨਾਲ ਗੱਲ ਕਰਦੇ ਪਰ ਗ੍ਰਹਿ ਮੰਤਰੀ ਦੇ ਜਵਾਬ ਦੇ ਨਾਲ ਸਮੁੱਚੇ ਸਿੱਖ ਜਗਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।


ਦੇਸ਼ ਅੰਦਰ ਇੰਡੀਆ ਨਾਮ ਦੇ ਇਕੱਠ ਜੋੜ ਬਾਰੇ ਪ੍ਰਤਿਕਿਰਿਆ ਦਿੰਦਿਆਂ ਚੀਮਾ ਨੇ ਕਿਹਾ ਕਿ ਇਹ ਗੈਰਸਿਧਾਂਤਕ ਪਾਰਟੀਆਂ ਇਕੱਠੀਆਂ ਹੋਈਆਂ ਤੇ ਇਹਨਾਂ ਸਾਰਿਆਂ ਵਿੱਚ ਇੱਕੋ ਹੀ ਚੀਜ਼ ਸਾਂਝੀ ਹੈ ਤੇ ਉਹ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਉੱਪਰ ਈਡੀ ਵੱਲੋਂ ਕੇਸ ਦਰਜ਼ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਹੈ ਤੇ ਵਿਰੋਧੀ ਧਿਰ ਕਾਂਗਰਸ ਹੈ ਤੇ ਜੇਕਰ ਇਹ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਲੋਕਾਂ ਦਾ ਫਾਤਵਾ ਕਿੱਧਰ ਗਿਆ, ਉਹਨਾਂ ਕਿਹਾ ਕਿ ਐਵੇਂ ਦੋਵੇਂ ਪਾਰਟੀਆਂ ਦਾ ਆਪਸ ਵਿੱਚ ਮਿਲਣਾ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਹੈ


ਇਹ ਵੀ ਪੜ੍ਹੋ: Parliament News: ਰਾਜ ਸਭਾ 'ਚ ਤਿੰਨ ਅਪਰਾਧਿਕ ਬਿੱਲ ਪਾਸ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, 'ਤਾਰੀਖ 'ਤੇ ਤਾਰੀਖ ਦਾ ਸਿਲਸਿਲਾ ਖ਼ਤਮ ਹੋਵੇਗਾ'


ਡਾਕਟਰ ਚੀਮਾ ਨੇ ਕਿਹਾ ਕਿ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮਾਫੀ ਤੋਂ ਬਾਅਦ ਹੁਣ ਵੱਖ ਵੱਖ ਰਾਜਨੀਤਿਕ ਧਰਾਂ ਵੱਲੋਂ ਵਧੀਆ ਰਿਸਪਾਂਸ ਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜਲਦ ਇਸਦੇ ਪ੍ਰਭਾਵ ਸਾਹਮਣੇ ਆਉਣਗੇ।


ਇਹ ਵੀ ਪੜ੍ਹੋ: Viral News: ਮੌਤ ਦਾ ਸਮਾਂ ਦੱਸੇਗਾ AI! ਵਿਗਿਆਨੀਆਂ ਨੇ ਬਣਾਈ ਅਜਿਹੀ ਤਕਨੀਕ