ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਇੰਸਾ ਆਪਣੀ ਜ਼ਮਾਨਤ ਲਈ ਹਾਈਕੋਰਟ ਪਹੁੰਚ ਗਈ ਹੈ। ਹਨੀਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਲਾ ਕੇ ਪੰਚਕੂਲਾ ਹਿੰਸਾ ਕੇਸ 'ਚ ਜ਼ਮਾਨਤ ਦੀ ਮੰਗ ਕੀਤੀ ਹੈ।


ਹਨੀਪ੍ਰੀਤ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਨੇ ਅਕਤੂਬਰ 2017 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਬੰਦ ਹੈ। ਪੰਚਕੂਲਾ ਹਿੰਸਾ ਮਾਮਲੇ ਵਿੱਚ ਕਈ ਮੁਲਜ਼ਮਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ। ਹੁਣ ਹਨੀਪ੍ਰੀਤ ਵੀ ਅੰਬਾਲਾ ਜੇਲ੍ਹ 'ਚੋਂ ਬਾਹਰ ਆਉਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ 25 ਅਗਸਤ, 2017 ਨੂੰ ਪੰਚਕੂਲਾ ਦੀ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮਗਰੋਂ ਪੰਚਕੂਲਾ ਵਿੱਚ ਵੱਡੇ ਪੱਧਰ 'ਤੇ ਹਿੰਸਾ ਹੋਈ ਤੇ ਸੁਰੱਖਿਆ ਬਲਾਂ ਨੂੰ ਹਾਲਾਤ ਕਾਬੂ ਕਰਨ ਲਈ ਗੋਲ਼ੀ ਵੀ ਚਲਾਉਣੀ ਪਈ ਸੀ। ਹਨੀਪ੍ਰੀਤ 'ਤੇ ਇਸੇ ਹਿੰਸਾ ਤੇ ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਮਗਰੋਂ ਪੁਲਿਸ ਹਿਰਾਸਤ 'ਚੋਂ ਭਜਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਹਨ।