ਬਠਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਬਾਦਲ ਨੇ ਆਪਣੀ ਨੂੰਹ, ਕੇਂਦਰੀ ਮੰਤਰੀ ਤੇ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਦੇ ਕਵਰਿੰਗ ਕੈਂਡੀਡੇਟ ਵਜੋਂ ਕਾਗ਼ਜ਼ ਭਰੇ ਹਨ। ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ ਹੈ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡਾਂ ਵਿੱਚ ਅਕਾਲੀ ਦਲ ਦੇ ਵਿਰੋਧ ਦੇ ਸਵਾਲ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਕਰਵਾਇਆ ਦਿਖਾਵਾ ਹੈ। ਇਸ ਦੀ ਪ੍ਰਵਾਹ ਨਾ ਕਰੋ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਚੋਣ ਪ੍ਰਚਾਰ ਕਰਨ ਪੰਜਾਬ ਜ਼ਰੂਰ ਆਉਣਗੇ।

ਬਾਦਲ ਨੇ ਸੁਖਬੀਰ ਤੇ ਹਰਸਿਮਰਤ ਨੂੰ ਲੋਕ ਸਭਾ ਚੋਣ ਮੈਦਾਨ ਵਿੱਚ ਉਤਾਰਨ ਦੇ ਸਵਾਲ 'ਤੇ ਕਿਹਾ ਕਿ ਸਾਡੇ ਪਾਰਟੀ ਵੱਲੋਂ ਹਰ ਥਾਂ 'ਤੇ ਮਜ਼ਬੂਤ ਉਮੀਦਵਾਰ ਉਤਾਰਿਆ ਗਿਆ ਹੈ। ਮਨਪ੍ਰੀਤ ਬਾਦਲ ਵੱਲੋਂ ਵੋਟਾਂ ਦੀ ਖਰੀਦੋ-ਫਰੋਖ਼ਤ ਦੇ ਮਾਮਲੇ 'ਚ ਬਾਦਲ ਨੂੰ ਭੀਸ਼ਮ ਪਿਤਾ ਦੱਸਣ 'ਤੇ ਉਨ੍ਹਾਂ ਕਿਹਾ ਕਿ ਮੈਂ ਨਾ ਕਦੇ ਵੋਟਾਂ ਖਰੀਦੀਆਂ ਹਨ ਤੇ ਨਾ ਹੀ ਖਰੀਦਣੀਆਂ ਹਨ, ਉਹ (ਮਨਪ੍ਰੀਤ) ਵੀ ਮੇਰਾ ਬੱਚਾ ਹੈ ਤੇ ਬੱਚਿਆਂ ਦਾ ਗੁੱਸਾ ਨਹੀਂ ਕਰੀਦਾ। ਬਾਦਲ ਨੇ ਅਕਾਲੀ ਦਲ-ਭਾਜਪਾ ਵੱਲੋਂ ਪੰਜਾਬ ਵਿੱਚ 13 ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ।