ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਤੋਂ ਪਰਵਾਸੀ ਪੰਜਾਬੀਆਂ ਨੇ ਮੂੰਹ ਮੋੜ ਲਿਆ ਹੈ। ਇਸ ਵਾਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਪਾਰਟੀ ਲਈ ਫੰਡ ਭੇਜਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਇਹ ਫੰਡ ਪਾਰਟੀ ਲਈ ਆਕਸੀਜ਼ਨ ਦਾ ਕੰਮ ਕਰਦੇ ਸੀ। ਇਸ ਤੋਂ ਇਲਾਵਾ ਚੋਣ ਪ੍ਰਚਾਰ ਲਈ ਵੀ ਬਹੁਤੇ ਪਰਵਾਸੀ ਪੰਜਾਬੀ ਵਤਨ ਨਹੀਂ ਪਹੁੰਚੇ। ਇਸ ਕਰਕੇ ਇੱਕ ਪਾਸੇ ਪਾਰਟੀ ਨੂੰ ਫੰਡਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਪਰਵਾਸੀ ਪੰਜਾਬੀਆਂ ਦੀ ਹਮਾਇਤ ਦੀ ਘਾਟ ਵੀ ਰੜਕ ਰਹੀ ਹੈ।

ਸੂਤਰਾਂ ਮੁਤਾਬਕ 2017 ਚੋਣਾਂ ਦੌਰਾਨ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਫਿਲਪੀਨਜ਼ ਸਮੇਤ ਹੋਰ ਦੇਸ਼ਾਂ ਤੋਂ 78,000 ਦੇ ਕਰੀਬ ਪਰਵਾਸੀ ਪੰਜਾਬੀ ‘ਚਲੋ ਪੰਜਾਬ’ ਮੁਹਿੰਮ ਤਹਿਤ ਸਿਰਫ਼ ‘ਆਪ’ ਲਈ ਆਪਣਾ ਕਾਰੋਬਾਰ ਵਿਦੇਸ਼ਾਂ ਵਿੱਚ ਛੱਡ ਕੇ ਪੰਜਾਬ ਆਏ ਸਨ। ਇਸ ਵਾਰ ਇਹ ਗਿਣਤੀ ਸੈਂਕੜੇ ਵਿੱਚ ਹੀ ਰਹਿ ਗਈ ਹੈ। ਇਸ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਦੀ ਸਿਆਸਤ ਵਿੱਚ ਦਿਲਚਸਪੀ ਵੀ ਘਟੀ ਹੈ।

ਸਿਆਸੀ ਮਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਬਦਲ ਵਜੋਂ ਉਭਰਨ ਕਾਰਨ ਪਰਵਾਸੀ ਭਾਰਤੀਆਂ ਨੂੰ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ ਸੀ। ਇਸ ਲਈ ਪਰਵਾਸੀ ਪੰਜਾਬੀਆਂ ਨੇ ਕਰੋੜਾਂ ਰੁਪਏ ‘ਆਪ’ ਨੂੰ ਫ਼ੰਡ ਦਿੱਤੇ ਸਨ। ਡਾਲਰਾਂ ਦੇ ਨਾਲ-ਨਾਲ ਪਰਵਾਸੀ ਖ਼ੁਦ ਜਹਾਜ਼ਾਂ ਦੇ ਜਹਾਜ਼ ਭਰ ਕੇ ਆਪਣੀ ਮਾਤ ਭੂਮੀ ’ਚ ਸਿਆਸੀ ਬਦਲ ਨੂੰ ਸਾਕਾਰ ਕਰਨ ਵੀ ਆਏ, ਪਰ ਉਨ੍ਹਾਂ ਦੇ ਪੱਲੇ ਵੀ ਨਿਰਾਸ਼ਾ ਹੀ ਪਈ।

‘ਆਪ’ ਤੋਂ ਪਰਵਾਸੀਆਂ ਦੇ ਮੋਹ ਭੰਗ ਹੋਣ ਦਾ ਵੱਡਾ ਕਾਰਨ ਉਨ੍ਹਾਂ ਵੱਲੋਂ ਭੇਜੇ ਫ਼ੰਡ ਦੀ ਪਾਰਦਰਸ਼ਤਾ ਨਾ ਹੋਣਾ ਵੀ ਹੈ, ਕਿਉਂਕਿ ਪਾਰਟੀ ਦੇ ਹੀ ਬਹੁਤੇ ਆਗੂਆਂ ਵੱਲੋਂ ਫ਼ੰਡਿਗ ‘ਚ ਹੇਰ-ਫ਼ੇਰ ਦੇ ਦੋਸ਼ ਲਾਏ ਗਏ ਹਨ। ਪਰਵਾਸੀ ਪੰਜਾਬੀਆਂ ਵੱਲੋਂ ਇਸ ਵਾਰ ਹਮਾਇਤ ਨਾ ਦੇਣ ਕਰਕੇ ‘ਆਪ’ ਆਗੂਆਂ ਨੂੰ ਫ਼ੰਡ ਦੀ ਘਾਟ ਵੀ ਰੜਕ ਰਹੀ ਹੈ, ਜਿਸ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਕਈ ਵੱਡੇ ਆਗੂ ਮੰਨ ਚੁੱਕੇ ਹਨ।