ਹੁਸ਼ਿਆਰਪੁਰ: ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ’ਤੇ ਪੰਚਾਇਤੀ ਚੋਣਾਂ ਵਿੱਚ ਜਿੱਤ ਦਰਜ ਕਰਨ ਲਈ ਲਗਾਤਾਰ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਤਾਜ਼ਾ ਮਾਮਲਾ ਟਾਂਡਾ ਦਾ ਹੈ ਜਿੱਥੇ ਅਕਾਲੀ ਦਲ ਨੇ ਸ਼੍ਰੀ ਗੋਬਿੰਦਪੁਰ ਰੋਡ ਜਾਮ ਕਰਕੇ ਪੰਜਾਬ ਸਰਕਾਰ ਤੇ ਮੌਜੂਦਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਪੁਤਲਾ ਫੂਕਿਆ। ਅਕਾਲੀ ਦਲ ਵੱਲੋਂ ਸਰਪੰਚੀ ਲਈ ਖੜ੍ਹੀ ਉਮੀਦਵਾਰ ਪਰਮਜੀਤ ਕੌਰ ਨੇ ਕਿਹਾ ਕਿ ਵਿਰੋਧੀ ਉਸ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਦਰਅਸਲ ਪਿੰਡ ਗਿਲਜੀਆਂ ਵਿੱਚ ਅਕਾਲੀ ਸਰਪੰਚ ਦੀ ਪੰਜ ਵੋਟਾਂ ਨਾਲ ਜਿੱਤ ਹੋਈ ਸੀ ਪਰ ਉਸ ਨੂੰ ਧੱਕੇ ਨਾਲ ਹਾਰਿਆ ਐਲਾਨ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਅਕਾਲੀ ਦਲ ਵਰਕਰਾਂ ਨੇ ਸਾਬਕਾ ਕਮਿਸ਼ਨਰ ਆਰਟੀਐਸ ਤੇ ਸੀਨੀਅਰ ਅਕਾਲੀ ਲੀਡਰ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਧਰਨਾ ਦਿੱਤਾ ਤੇ ਚੋਣ ਕਮਿਸ਼ਨ ਤੋਂ ਪਿੰਡ ਵਿੱਚ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ।
ਹਾਸਲ ਜਾਣਕਾਰੀ ਮੁਤਾਬਕ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਨੂੰ ਪਿੰਡ ਗਿਲਜੀਆਂ ਤੋਂ ਪੰਚਾਇਤੀ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਸੀ। ਪਰਮਜੀਤ ਕੌਰ ਨੂੰ ਪੰਜ ਵੋਟਾਂ ਨਾਲ ਜਿੱਤ ਹਾਸਲ ਹੋਈ। ਦੂਜੇ ਪਾਸੇ ਕਾਂਗਰਸ ਦੀ ਉਮੀਦਵਾਰ ਬਲਜੀਤ ਕੌਰ ਦੀ ਹਾਰ ਬਾਅਦ ਪੋਲਿੰਗ ਬੂਥ ’ਤੇ ਕਬਜ਼ਾ ਕਰਕੇ ਉਸ ਨੂੰ ਧੱਕੇ ਨਾਲ 5 ਵੋਟਾਂ ਵਾਲ ਜਿਤਾ ਦਿੱਤਾ ਗਿਆ।
ਇਸ ਦੇ ਬਾਅਦ ਅਕਾਲੀ ਦਲ ਧਿਰ ਨੇ ਕਾਂਗਰਸ ’ਤੇ ਪੋਲਿੰਗ ਬੂਥ ਕੈਪਚਰ ਕਰਕੇ ਧੱਕਾਸ਼ਾਹੀ ਕਰਦਿਆਂ ਬਲਜੀਤ ਕੌਰ ਨੂੰ ਪੰਜ ਵੋਟਾਂ ਨਾਲ ਜਿੱਤ ਦਿਵਾਉਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਮੌਜੂਦ ਪੁਲਿਸ ਨੇ ਵੀ ਵਿਧਾਇਕ ਦਾ ਸਾਥ ਦਿੱਤਾ। ਇਸ ਦੇ ਵਿਰੋਧ ’ਚ ਅਕਾਲੀ ਵਰਕਰਾਂ ਨੇ ਸ਼੍ਰੀ ਹਰਿਗੋਬਿੰਦ ਰੋਡ ’ਤੇ ਜਾਮ ਕਰ ਦਿੱਤਾ।