ਲੋਕ ਸਭਾ ਟਿਕਟਾਂ ਵੰਡਣ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ 'ਤੇ ਲੱਗੇ ਗੰਭੀਰ ਦੋਸ਼
ਏਬੀਪੀ ਸਾਂਝਾ | 05 Apr 2019 02:34 PM (IST)
"ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਰਜ਼ੀ ਨਾਲ ਚਹੇਤਿਆਂ ਨੂੰ ਟਿਕਟਾਂ ਦਿਵਾਈਆਂ ਹਨ ਅਤੇ ਯੋਗ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ"
ਹੁਸ਼ਿਆਰਪੁਰ: ਕਾਂਗਰਸ ਵੱਲੋਂ ਲੋਕ ਸਭਾ ਉਮੀਦਵਾਰਾਂ ਦੇ ਐਲਾਨ ਨੂੰ ਕਾਫੀ ਦਿਨ ਹੋ ਗਏ ਹਨ, ਪਰ ਟਿਕਟਾਂ ਨਾ ਮਿਲਣ ਕਾਰਨ ਹੌਲੀ-ਹੌਲੀ ਪਾਰਟੀ ਖ਼ਿਲਾਫ਼ ਬਾਗ਼ੀ ਸੁਰਾਂ ਤੇਜ਼ ਹੋ ਗਈਆਂ ਹਨ। ਦੁਆਬੇ ਵਿੱਚੋਂ ਦੂਜੇ ਵੱਡੇ ਕਾਂਗਰਸੀ ਨੇਤਾ ਦੀ ਪਾਰਟੀ ਨਾਲ ਨਾਰਾਜ਼ਗੀ ਜੱਗ ਜ਼ਾਹਰ ਹੋ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਮਨਮਰਜ਼ੀ ਕਰਨ ਦੇ ਦੋਸ਼ ਵੀ ਲੱਗੇ ਹਨ। ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਆਪਣੀ ਮਰਜ਼ੀ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਪਾਰਟੀ ਇੰਚਾਰਜ ਦੀ ਨਹੀਂ ਚੱਲਦੀ ਬਲਕਿ ਕੈਪਟਨ ਦੀ ਚੱਲਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਨੂੰ ਤਾਂ ਮਿਲਣਾ ਵੀ ਬੜਾ ਔਖਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਰਜ਼ੀ ਨਾਲ ਚਹੇਤਿਆਂ ਨੂੰ ਟਿਕਟਾਂ ਦਿਵਾਈਆਂ ਹਨ ਅਤੇ ਯੋਗ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਸੰਤੋਸ਼ ਚੌਧਰੀ ਆਪਣੇ ਪਾਰਟੀ ਵਰਕਰਾਂ ਨਾਲ ਬੈਠਕਾਂ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਵਰਕਰਾਂ ਦੀ ਸਲਾਹ ਨਾਲ ਉਹ ਅਗਲੀ ਰਣਨੀਤੀ ਉਲੀਕਣਗੇ। ਜ਼ਰੂਰ ਪੜ੍ਹੋ- ਲੋਕ ਸਭਾ ਟਿਕਟ ਨਾ ਮਿਲਣ 'ਤੇ ਕੇਪੀ ਨੇ ਖੋਲ੍ਹਿਆ ਕਾਂਗਰਸ ਖ਼ਿਲਾਫ਼ ਮੋਰਚਾ ਜ਼ਿਕਰਯੋਗ ਹੈ ਕਿ ਸੰਤੋਸ਼ ਚੌਧਰੀ ਤੋਂ ਪਹਿਲਾਂ ਜਲੰਧਰ ਤੋਂ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਵੀ ਟਿਕਟ ਨਾ ਮਿਲਣ ਦਾ ਦੁਖੜਾ ਰੋ ਚੁੱਕੇ ਹਨ। ਕੇਪੀ ਨੇ ਤਾਂ ਆਜ਼ਾਦ ਚੋਣ ਲੜਨ ਦੀ ਚੇਤਾਵਨੀ ਤਕ ਦੇ ਦਿੱਤੀ ਹੈ। ਕਾਂਗਰਸ ਨੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਅਤੇ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ ਹੋਇਆ ਹੈ।