ਲੁਧਿਆਣਾ: ਭੈਣ ਵਲੋਂ ਪ੍ਰੇਮ ਵਿਆਹ ਕਰਵਾਉਣ ਤੋਂ ਨਾਰਾਜ਼ ਚੱਲ ਰਹੇ ਭਰਾ ਨੇ ਛੇ ਸਾਲਾਂ ਬਾਅਦ ਆਪਣੇ ਜੀਜੇ ਦਾ ਕਤਲ ਕਰ ਦਿੱਤਾ। ਇਸ ਖ਼ਤਰਨਾਕ ਕੰਮ ਨੂੰ ਅੰਜਾਮ ਦੇਣ ਲਈ ਮੁਲਜ਼ਮ ਅੰਕਿਤ ਨੇ ਆਪਣੇ ਦੋਸਤ ਨਾਲ ਮਿਲ ਕੇ ਪਿੰਡ ਜਸਪਾਲ ਬਾਂਗਰ ਕੋਲੋਂ ਲੰਘਦੀ ਨਹਿਰ ਕਿਨਾਰੇ ਆਪਣੇ ਜੀਜੇ ਰਾਜ ਕੁਮਾਰ ਨੂੰ ਦਾਤ ਤੇ ਚਾਕੂਆਂ ਨਾਲ ਕਤਲ ਕਰ ਦਿੱਤਾ। ਰਾਜ ਕੁਮਾਰ (ਤਸਵੀਰ ਹੇਠ ਦਿੱਤੀ ਹੈ) ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ।



ਮ੍ਰਿਤਕ ਰਾਜ ਕੁਮਾਰ ਦੇ ਚਾਚਾ ਜਗਨਨਾਥ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਰਾਜ ਕੁਮਾਰ ਮੂਲ ਵਾਸੀ ਜਬਲਪੁਰ (ਮੱਧ ਪ੍ਰਦੇਸ਼) ਨੇ 2013 ਵਿੱਚ ਛੱਤਰਪੁਰ ਵਾਸੀ ਦੀਪਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਦੋਹਾਂ ਨੇ ਆਪਣੇ ਪਰਿਵਾਰਾਂ ਦੇ ਖ਼ਿਲਾਫ਼ ਜਾ ਕੇ ਵਿਆਹ ਕਰਵਾਇਆ ਸੀ। ਆਪਣੇ ਪਰਿਵਾਰਾਂ ਦੇ ਵਿਰੋਧ ਕਾਰਨ ਰਾਜ ਕੁਮਾਰ ਅਤੇ ਦੀਪਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਸਪਾਲ ਬਾਂਗਰ ਆ ਵਸੇ ਸਨ ਅਤੇ ਦੋਹਾਂ ਦੇ ਦੋ ਬੱਚੇ ਵੀ ਹਨ।

ਇਸੇ ਦੌਰਾਨ ਕੁਝ ਸਮਾਂ ਪਹਿਲਾਂ ਦੀਪਾ ਦਾ ਭਰਾ ਅੰਕਿਤ ਆਇਆ ਤੇ ਸਾਰੇ ਗਿਲੇ ਸ਼ਿਕਵੇ ਭੁਲਾਉਣ ਦੀ ਗੱਲ ਆਖੀ, ਜਿਸ ਦਾ ਅੰਜਾਮ ਕਤਲ ਨਿੱਕਲਿਆ। ਮੁਲਜ਼ਮ ਦੀ ਭੈਣ ਆਪਣੇ ਭਰਾ ਦੇ ਆਉਣ 'ਤੇ ਬਹੁਤ ਖੁਸ਼ ਸੀ। ਗੁਆਂਢੀਆਂ ਮੁਤਾਬਕ ਉਸ ਦਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ।

ਥਾਣਾ ਸਾਹਨੇਵਾਲ ਦੇ ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜ ਕੁਮਾਰ ਦੇ ਸਾਲੇ ਅੰਕਿਤ ਤੇ ਉਸਦੇ ਦੋਸਤ ਭੁਪਿੰਦਰ ਸਿੰਘ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮੁਲਜ਼ਮ ਹਾਲੇ ਫ਼ਰਾਰ ਹਨ ਅਤੇ ਜਲਦੀ ਹੀ ਦੋਹਾਂ ਨੂੰ ਕਾਬੂ ਕਰ ਲਿਆ ਜਾਵੇਗਾ।