ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੇ ਮਸ਼ਹੂਰ ਚਾਰ ਸਿਤਾਰਾ ਹੋਟਲ ਸ਼ਿਵਾਲਿਕ ਵਿਊ ਦੇ 22 ਲੱਖ ਰੁਪਏ ਨਾ ਅਦਾ ਕਰਨ ਵਾਲੇ ਅਮੀਰਜ਼ਾਦਿਆਂ ਦੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਪਾਰਕਿੰਗ ਵਿੱਚ ਖੜ੍ਹੀਆਂ ਔਡੀ ਤੇ ਕਰੂਜ਼ ਗੱਡੀਆਂ ਨੂੰ ਦੋ ਮਹਿਮਾਨਾਂ ਵੱਲੋਂ ਬਣਦਾ ਬਿੱਲ ਨਾ ਅਦਾ ਕਰਨ ਬਦਲੇ ਹੋਟਲ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਹੋਟਲ ਪ੍ਰਬੰਧਕਾਂ ਮੁਤਾਬਕ ਰਮਨੀਕ ਬਾਂਸਲ ਤੇ ਅਸ਼ਵਨੀ ਚੋਪੜਾ ਪਿਛਲੇ ਛੇ ਮਹੀਨੇ ਤੋਂ ਲਗਾਤਾਰ ਹੋਟਲ ਦੇ ਕਮਰਿਆਂ ਵਿੱਚ ਰਹਿ ਰਹੇ ਹਨ ਪਰ ਆਪਣਾ ਬਿੱਲ ਅਦਾ ਨਹੀਂ ਕੀਤਾ। ਹੋਟਲ ਦੀ ਦੇਖਰੇਖ ਕਰ ਰਹੇ ਅਦਾਰੇ ਸਿਟਕੋ ਦੇ ਜਨਰਲ ਮੈਨੇਜਰ ਅਨੁਰਾਗ ਵਾਲੀਆ ਨੇ ਦੱਸਿਆ ਕਿ ਰਮਨੀਕ ਬਾਂਸਲ ਤੇ ਅਸ਼ਵਨੀ ਚੋਪੜਾ ਇਸੇ ਸਾਲ ਅਪ੍ਰੈਲ ਵਿੱਚ ਆਏ ਸਨ। ਉਨ੍ਹਾਂ ਦੋ ਕਮਰੇ ਕਿਰਾਏ 'ਤੇ ਲਏ ਪਰ ਜੁਲਾਈ ਤੋਂ ਬਾਅਦ ਉਨ੍ਹਾਂ ਆਪਣੇ ਬਿੱਲ ਦਾ ਭੁਗਤਾਨ ਨਹੀਂ ਕੀਤਾ।
ਦੋਵਾਂ ਜਣਿਆਂ ਦਾ ਬਿੱਲ ਤਕਰੀਬਨ 22 ਲੱਖ ਰੁਪਏ ਬਣ ਚੁੱਕਿਆ ਹੈ ਤੇ ਕਿਰਾਇਆ ਨਾ ਦੇਣ 'ਤੇ ਸਿਟਕੋ ਦੇ ਅਧਿਕਾਰੀਆਂ ਨੇ ਗੱਡੀਆਂ ਜ਼ਬਤ ਕਰ ਲਈਆਂ ਹਨ। ਇਸ ਦੇ ਨਾਲ ਹੀ ਸ਼ਿਵਾਲਿਕ ਵਿਊ ਹੋਟਲ ਨੇ ਸੈਕਟਰ 17 ਦੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।
ਵਾਲੀਆ ਮੁਤਾਬਕ ਬਾਂਸਲ ਤੇ ਚੋਪੜਾ ਨੇ ਹੋਟਲ ਦੇ ਮੈਨੇਜਰ ਚੈੱਕ ਦਿੱਤੇ ਸਨ ਜੋ ਬਾਊਂਸ ਹੋ ਗਏ। ਇਸ ਤੋਂ ਬਾਅਦ ਉਹ ਲਗਾਤਾਰ ਲਾਰੇ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਬਿੱਲ ਅਦਾ ਕਰਨ 'ਚ ਨਾਕਾਮਯਾਬ ਰਹਿਣ 'ਤੇ ਹੋਟਲ ਨੇ ਮਾਲਕਾਂ ਦੀਆਂ ਖੜ੍ਹੀਆਂ ਦੋਵੇਂ ਲਗ਼ਜ਼ਰੀ ਗੱਡੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਵਾਲੀਆ ਨੇ ਕਿਹਾ ਕਿ ਬਾਂਸਲ ਤੇ ਚੋਪੜਾ ਨੇ ਇੱਕ ਵਾਰ ਫਿਰ ਭਰੋਸਾ ਦਿਵਾਇਆ ਹੈ ਕਿ ਉਹ ਛੇਤੀ ਹੀ ਬਿੱਲ ਚੁਕਤਾ ਕਰ ਦੇਣਗੇ।