ਚੰਡੀਗੜ੍ਹ: ਨੋਟਬੰਦੀ ਦਾ ਅਸਰ ਚੰਡੀਗੜ੍ਹ ਦੀ ਹੋਟਲ ਸਨਅਤ ਉਤੇ ਵੀ ਪਿਆ ਹੈ। 8 ਨਵੰਬਰ ਤੋਂ ਹੁਣ ਤੱਕ ਹੋਟਲ ਕਾਰੋਬਾਰ ਦੇ ਕੰਮਕਾਜ ਵਿੱਚ ਕਰੀਬ 30 ਫੀਸਦੀ ਦੀ ਕਮੀ ਹੋਈ ਹੈ। ਕੈਸ਼ ਦੀ ਕਮੀ ਦੇ ਕਾਰਨ ਪਹਿਲਾਂ ਤੋਂ ਹੋਈ ਬੁਕਿੰਗ ਮੁਲਤਵੀ ਹੋਣ ਲੱਗੀ ਹੈ।
ਅਕਸਰ ਚਮਕ-ਦਮਕ ਵਿੱਚ ਰਹਿਣ ਵਾਲੇ ਚੰਡੀਗੜ੍ਹ ਦੇ ਜ਼ਿਆਦਾਤਰ ਹੋਟਲ ਸੁੰਨੇ ਪਏ ਹਨ। ਹੋਟਲ ਦੇ ਰੈਸਟੋਰੈਂਟ, ਕਮਰੇ , ਬਾਰ ਸਭ ਸੁੰਨੇ। ਸਟਾਫ਼ ਤੋਂ ਇਲਾਵਾ ਜ਼ਿਆਦਾਤਰ ਹੋਟਲਾਂ ਵਿੱਚ ਟਾਂਵੇਂ-ਟਾਂਵੇਂ ਗੈਸਟ ਹੀ ਦੇਖਣ ਨੂੰ ਮਿਲ ਰਹੇ ਹਨ। ਹੋਟਲ ਬੈਸਟ ਵੈਸਟਰਨ ਦੇ ਜਨਰਲ ਮੈਨੇਜਰ ਰਾਕੇਸ਼ ਕੁਮਾਰ ਵਤਸ ਨੇ ਦੱਸਿਆ ਕਿ ਕੰਮ ਬਹੁਤ ਘੱਟ ਰਹਿ ਗਿਆ ਹੈ। ਕੈਸ਼ ਦੀ ਕਮੀ ਕਾਰਨ ਰੇਸਤਰਾਂ ਵਿੱਚ ਲੰਚ ਤੇ ਡਿਨਰ ਕਰਨ ਲਈ ਟਾਂਵੇਂ-ਟਾਂਵੇਂ ਲੋਕ ਆ ਰਹੇ ਹਨ।
ਚੰਡੀਗੜ੍ਹ ਤੇ ਇਸ ਦੇ ਆਪ-ਪਾਸ ਦੇ ਇਲਾਕਿਆਂ ਵਿੱਚ 100 ਤੋਂ ਵੱਧ ਹੋਟਲ ਹਨ। ਦੂਜੇ ਰਾਜਾਂ ਤੋਂ ਹਿਮਾਚਲ ਤੇ ਪੰਜਾਬ ਘੁੰਮਣ ਲਈ ਆਉਣ ਵਾਲੇ ਸੈਲਾਨੀ ਅਕਸਰ ਚੰਡੀਗੜ੍ਹ ਵਿੱਚ ਠਹਿਰ ਕੇ ਅੱਗੇ ਯਾਤਰਾ ਉੱਤੇ ਜਾਂਦੇ ਹਨ। ਇਸ ਕਰਕੇ ਇਨ੍ਹਾਂ ਦਿਨਾਂ ਵਿੱਚ ਚੰਡੀਗੜ੍ਹ ਦੇ ਹੋਟਲਾਂ ਵਿੱਚ ਕਾਫ਼ੀ ਭੀੜ ਹੁੰਦੀ ਹੈ ਪਰ ਇਸ ਵਾਰ ਹਾਲਤ ਉਲਟ ਹੋ ਗਈ ਹੈ। ਘੁੰਮਣ-ਫਿਰਨ ਲਈ ਆਉਣ ਵਾਲੇ ਲੋਕਾਂ ਨੇ ਆਪਣਾ ਪ੍ਰੋਗਰਾਮ ਫ਼ਿਲਹਾਲ ਨੋਟਬੰਦੀ ਦੇ ਕਾਰਨ ਮੁਲਤਵੀ ਕਰ ਦਿੱਤੇ ਹਨ।
ਚੰਡੀਗੜ੍ਹ ਹੋਟਲ ਐਸੋਸੀਏਸ਼ਨ ਦੇ ਸਕੱਤਰ ਗੁਰਵਿੰਦਰ ਸਿੰਘ ਜੁਨੇਜਾ ਨੇ ਦੱਸਿਆ ਕਿ ਕਾਰੋਬਾਰ ਉੱਤੇ 25 ਤੋਂ 30 ਫ਼ੀਸਦੀ ਸਿੱਧਾ ਅਸਰ ਫ਼ਿਲਹਾਲ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਵਾਧੇ ਦੇ ਆਸਾਰ ਹਨ। ਜੁਨੇਜਾ ਅਨੁਸਾਰ ਰੇਸਤਰਾਂ ਵਿੱਚ ਲੰਚ ਜਾਂ ਡਿਨਰ ਲਈ ਆਉਣ ਵਾਲੇ ਲੋਕ ਦੀ ਗਿਣਤੀ ਇਕਦਮ ਘੱਟ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਨੋਟਬੰਦੀ ਦਾ ਅਸਰ ਹੋਟਲ ਸਨਅਤ ਉਤੇ ਕਰੀਬ ਛੇ ਮਹੀਨੇ ਤੱਕ ਰਹਿਣ ਦੇ ਆਸਾਰ ਹਨ। ਜਿਨ੍ਹਾਂ ਦੇ ਘਰ ਵਿਆਹ ਹਨ, ਉਨ੍ਹਾਂ ਨੇ ਸਾਦੇ ਵਿਆਹ ਕਰਨ ਦਾ ਪ੍ਰੋਗਰਾਮ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਹੋਟਲਾਂ ਦੀ ਬੁਕਿੰਗ ਕੈਂਸਲ ਹੋ ਰਹੀ ਹੈ।
ਇਸ ਤੋਂ ਇਲਾਵਾ ਮੈਰਿਜ ਪੈਲੇਸ ਵਿੱਚ ਰੱਖੀਆਂ ਪਾਰਟੀਆਂ ਲਈ ਗੈਸਟ ਲਿਸਟ ਵੀ ਹੁਣ ਛੋਟੀ ਹੋ ਲੱਗੀ ਹੈ। ਫਿਲਹਾਲ ਹੋਟਲ ਸਨਅਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਖ਼ਾਲੀ ਜ਼ਰੂਰ ਬੈਠੇ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਆਗਾਮੀ ਬਜਟ ਵਿੱਚ ਉਨ੍ਹਾਂ ਨੂੰ ਰਿਆਇਤ ਦੇ ਕੇ ਹੋਏ ਨੁਕਸਾਨ ਨੂੰ ਜ਼ਰੂਰ ਪੂਰਾ ਕਰੇ।