ਚੰਡੀਗੜ੍ਹ: ਸੀਨੀਅਰ ਵਕੀਲ ਐਚਐਸ ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਗਲਬਾ ਖ਼ਤਮ ਕਰਨ ਲਈ ਕਾਂਗਰਸ ਨਾਲ ਹੱਥ ਮਿਲਾਉਣ ਨੂੰ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਤੋੜਨ ਲਈ ਸੱਤਾਧਿਰ ਕਾਂਗਰਸ ਦੀ ਹਮਾਇਤ ਲੈਣੀ ਜ਼ਰੂਰੀ ਹੈ।
ਸੀਨੀਅਰ ਵਕੀਲ ਐਚਐਸ ਫੂਲਕਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬੀਜੇਪੀ ਤੇ ਸ਼੍ਰੋਮਣੀ ਕਮੇਟੀ (ਐਸਜੀਪੀਸੀ) 'ਚੋਂ ਬਾਦਲਾਂ ਦਾ ਗਲਬਾ ਖ਼ਤਮ ਕਰਵਾਉਣ ਲਈ ਕਾਂਗਰਸ ਕੋਲੋਂ ਮਦਦ ਲੈਣ ’ਚ ਕੋਈ ਝਿਜਕ ਨਹੀਂ।
ਫੂਲਕਾ ਨੇ ਕਿਹਾ ਕਿ ਉਨ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਤੇ ਐਸਜੀਪੀਸੀ ’ਚੋਂ ਸਿਆਸੀ ਦਖ਼ਲਅੰਦਾਜ਼ੀ ਦਾ ਖਾਤਮਾ ਕਰਵਾਉਣ ਦੇ ਦੋ ਮਿਸ਼ਨ ਮਿਥੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਮਿਸ਼ਨਾਂ ਦੀ ਪ੍ਰਾਪਤੀ ਲਈ ਕਿਸੇ ਵੀ ਸਿਆਸੀ ਪਾਰਟੀ ਤੋਂ ਮਦਦ ਲੈਣ ਲਈ ਝਿਜਕ ਨਹੀਂ ਦਿਖਾਉਣਗੇ।
ਉਨ੍ਹਾਂ ਸਾਫ ਕਿਹਾ ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਇਸ ਸਰਕਾਰ ਦੀ ਮਦਦ ਤੋਂ ਬਿਨਾਂ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਬੜਾ ਮੁਸ਼ਕਲ ਕਾਰਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਹੈ ਤੇ ਐਸਜੀਪੀਸੀ ਵਿੱਚੋਂ ਸਿਆਸੀ ਗਲਬਾ ਖ਼ਤਮ ਕਰਨ ਲਈ ਇੱਥੇ ਕੈਪਟਨ ਸਰਕਾਰ ਕੋਲੋਂ ਉਹ ਬਿਨਾਂ ਕਿਸੇ ਝਿਜਕ ਦੇ ਮਦਦ ਲੈਣਗੇ।
ਉਨ੍ਹਾਂ ਮੰਨਿਆ ਕਿ ਐਸਜੀਪੀਸੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਉਨ੍ਹਾਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਤੋਂ ਪਹਿਲਾਂ ਕਾਂਗਰਸ ਦੇ ਕੁਝ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ, ਕਿਉਂਕਿ ਸਦਨ ਵਿੱਚ ਇਹ ਮਤਾ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਸੰਭਵ ਹੀ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਅਕਾਲੀਆਂ ਵੱਲੋਂ ਕੈਪਟਨ ਸਰਕਾਰ ਨਾਲ ਗਿੱਟਮਿੱਟ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦੀ ਕੋਈ ਪ੍ਰਵਾਹ ਨਹੀਂ।