ਚੰਡੀਗੜ੍ਹ: ਸੁਪਰੀਮ ਕੋਰਟ ਦੇ ਉੱਘੇ ਵਕੀਲ ਐਚਐਸ ਫੂਲਕਾ ਵੱਲੋਂ ਬੇਅਦਬੀ ਤੇ ਗੋਲੀ ਕਾਂਡ ਸਬੰਧੀ ਕਾਂਗਰਸੀ ਲੀਡਰਾਂ ਨੂੰ ਲਿਖੀਆਂ ਚਿੱਠੀਆਂ ਨਾਲ ਖਲਬਲੀ ਮੱਚ ਗਈ ਹੈ। ਫੂਲਕਾ ਨੇ ਇੱਕ ਚਿੱਠੀ ਕਾਂਗਰਸੀ ਲੀਡਰਾਂ ਦੇ ਨਾਂ ਤੇ ਦੂਜੀ ਖਾਸ ਤੌਰ 'ਤੇ ਵਿਧਾਇਕ ਨਵਜੋਤ ਸਿੱਧੂ ਨੂੰ ਲਿਖੀ ਹੈ। ਇਸ ਵੇਲੇ ਸਿੱਧੂ ਨੂੰ ਲਿਖੀ ਚਿੱਠੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਦਰਅਸਲ ਸਿੱਧੂ ਪਿਛਲੇ ਦਿਨਾਂ ਤੋਂ ਬੇਅਦਬੀ ਤੇ ਗੋਲੀ ਕਾਂਡ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਭਾਰ ਨੇ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ। ਅਜਿਹੇ ਵਿੱਚ ਇਹ ਵੀ ਚਰਚਾ ਹੈ ਕਿ ਸਿੱਧੂ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਹੁਣ ਫੂਲਕਾ ਦੀ ਨਵਜੋਤ ਸਿੱਧੂ ਨੂੰ ਚਿੱਠੀ ਨੇ ਅਜਿਹੀ ਚਰਚਾ ਨੂੰ ਹੋਰ ਹਵਾ ਦਿੱਤੀ ਹੈ। ਫੂਲਕਾ ਨੇ ਸਿੱਧੂ ਦੇ ਨਾਂ ਵੀ ਲਿਖੀ ਚਿੱਠੀ ’ਚ ਆਖਿਆ ਹੈ ਕਿ ‘ਹੁਣ ਗਰਜਣ ਦਾ ਨਹੀਂ, ਵਰ੍ਹਨ ਦਾ ਸਮਾਂ ਹੈ’।


ਫੂਲਕਾ ਵੱਲੋਂ ਸਿੱਧੂ ਨੂੰ 'ਗਰਜਣ ਨਹੀਂ ਸਗੋਂ ਵਰ੍ਹਨ' ਦੀ ਨਸੀਹਤ ਦੇ ਕਈ ਅਰਥ ਕੱਢੇ ਜਾ ਰਹੇ ਹਨ। ਦੱਸ ਦਈਏ ਕਿ ਫੂਲਕਾ ਵੀ ਪਿਛਲੇ ਸਮੇਂ ਵਿਧਾਇਕੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਗਏ ਸੀ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਅਜਿਹੇ ਲੀਡਰ ਇੱਕਜੁੱਟ ਹੋ ਸਕਦੇ ਹਨ।


ਫੂਲਕਾ ਨੇ ਸਿੱਧੂ ਨੂੰ ਲਿਖੇ ਦੋ ਸਫਿਆਂ ਦੇ ਪੱਤਰ ਵਿੱਚ ਕਿਹਾ ਹੈ ਕਿ ਢਾਈ ਸਾਲ ਪਹਿਲਾਂ ਇਸ ਮਾਮਲੇ ਨੂੰ ਜਿਸ ਥਾਂ ’ਤੇ ਛੱਡਿਆ ਸੀ, ਇਹ ਅੱਜ ਵੀ ਉੱਥੇ ਹੀ ਖੜ੍ਹਾ ਹੈ। ਅੱਜ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ ਤੇ ਕਿਸੇ ਦੋਸ਼ੀ ਖ਼ਿਲਾਫ਼ ਕਾਰਵਾਈ ਨਹੀਂ ਹੋਈ। ਉਨ੍ਹਾਂ ਸਿੱਧੂ ਨੂੰ ਆਖਿਆ ਕਿ ਉਹ ਆਪਣੀ ਕਾਂਗਰਸ ਸਰਕਾਰ ਕੋਲੋਂ ਇਸ ਮਾਮਲੇ ਵਿੱਚ ਜਵਾਬ ਮੰਗਣ। ਇਸ ਮਾਮਲੇ ਵਿੱਚ ਸਿਰਫ ਜਵਾਬਦੇਹੀ ਹੀ ਨਹੀਂ ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਗੇ ਹੋ ਕੇ ਕੰਮ ਕਰਨ।


ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਸਰਕਾਰ ਕੋਲੋਂ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਜਾਵੇ, ਜਿਸ ਵਿੱਚ ਸਰਕਾਰ ਕੋਲੋਂ ਜਵਾਬ ਮੰਗਿਆ ਜਾਵੇ ਕਿ ਜਿਸ ਕੰਮ ਵਾਸਤੇ ਤਿੰਨ ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਸੀ, ਉਹ ਢਾਈ ਸਾਲ ਬੀਤਣ ਮਗਰੋਂ ਵੀ ਪੂਰਾ ਕਿਉਂ ਨਹੀਂ ਹੋਇਆ। ਵਿਸ਼ੇਸ਼ ਜਾਂਚ ਟੀਮ ਦੇ ਜਿਨ੍ਹਾਂ ਮੈਂਬਰਾਂ ਨੇ ਇਸ ਕੰਮ ਵਿੱਚ ਅੜਿੱਕੇ ਖੜ੍ਹੇ ਕੀਤੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੀ ਜਾਂਚ ਚੀਫ ਵਿਜੀਲੈਂਸ ਕਮਿਸ਼ਨਰ ਕੋਲੋਂ ਕਰਾਈ ਜਾਵੇ।


ਇਸ ਮਾਮਲੇ ’ਚ ਭਵਿੱਖ ਵਿਚ ਸਰਕਾਰ ਦੀ ਕਾਨੂੰਨੀ ਟੀਮ ’ਤੇ ਨਿਰਭਰ ਨਾ ਰਿਹਾ ਜਾਵੇ ਤੇ ਕਿਸੇ ਸੁਲਝੇ ਹੋਏ ਸੇਵਾਮੁਕਤ ਜੱਜ ਦੀ ਸਲਾਹ ਲੈ ਕੇ ਚੱਲਿਆ ਜਾਵੇ। ਇਸ ਮਾਮਲੇ ਵਿੱਚ ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਤੇ ਜਸਟਿਸ ਰਣਜੀਤ ਸਿੰਘ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਕਾਨੂੰਨੀ ਟੀਮ ਕੰਮ ਕਰੇ ਤੇ ਕੇਸ ਦੀ ਪੂਰੀ ਪੜਤਾਲ ਵੀ ਉਨ੍ਹਾਂ ਦੀ ਸਲਾਹ ਨਾਲ ਕੀਤੀ ਜਾਵੇ।


ਉਨ੍ਹਾਂ ਸਿੱਧੂ ਨੂੰ ਆਖਿਆ ਕਿ ਅਗਸਤ 2018 ਵਿੱਚ ਇਹ ਆਖਿਆ ਸੀ ਕਿ ਇਸ ਮਾਮਲੇ ਨੂੰ ਦੇਖ ਕੇ ਉਸ ਨੂੰ ਨੀਂਦ ਨਹੀਂ ਆਉਂਦੀ ਹੈ ਪਰ ਅੱਜ ਢਾਈ ਸਾਲ ਬੀਤ ਚੁੱਕੇ ਹਨ ਤੇ ਉਹ ਸੁੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕੀ ਹੁਣ ਨੀਂਦ ਵਧੇਰੇ ਖਰਾਬ ਨਹੀਂ ਹੋਣੀ ਚਾਹੀਦੀ ਸੀ। ਉੁਨ੍ਹਾਂ ਸਿੱਧੂ ਨੂੰ ਯਾਦ ਦਿਵਾਇਆ ਕਿ ਜਦੋਂ ਅਗਸਤ 2018 ਵਿੱਚ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ’ਤੇ ਬਹਿਸ ਹੋਈ ਸੀ ਤਾਂ ਉਸ ਵੇਲੇ ਦੋਵਾਂ ਆਗੂਆਂ ਵਿਚ ਜੋ ਗੱਲਾਂ ਹੋਈ ਸੀ, ਉਨ੍ਹਾਂ ਦੀ ਅੱਜ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਉਨ੍ਹਾਂ ਵਿਧਾਨ ਸਭਾ ਵਿਚ ਪਾਸ ਕੀਤੇ ਮਤਿਆਂ ਨੂੰ ਅਧੂਰਾ ਆਖਿਆ ਸੀ ਤੇ ਅੱਜ ਇਹ ਗੱਲ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ’ਤੇ ਉਨ੍ਹਾਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ।


ਇਹ ਵੀ ਪੜ੍ਹੋ: Rajasthan Lockdown: ਇਸ ਸੂਬੇ 'ਚ 15 ਦਿਨ ਲਈ ਲੌਕਡਾਊਨ, ਜਾਣੋ ਕੀ ਖੁੱਲ੍ਹਾ ਤੇ ਕੀ ਬੰਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904