ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੋਪਾਲ ਚਾਵਲਾ ਨਾਲ ਫੋਟੋ ਦੇ ਮਾਮਲੇ ਨੂੰ ਬੇਲੋੜਾ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਵਿੱਚ ਜਿਸ ਜਗ੍ਹਾ ਸਮਾਗਮ ਹੋਇਆ ਸੀ ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਸਨ। ਇਸ ਦੌਰਾਨ ਕੌਣ ਕਿਸ ਕੋਲ ਬੈਠਾ ਹੈ, ਇਸ ਦਾ ਕੀ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਗੋਪਾਲ ਚਾਵਲਾ ਨੂੰ ਜਾਣਦੇ ਹੀ ਨਹੀਂ।
ਦਰਅਸਲ ਪਾਕਿਸਤਾਨੀ ਨਾਗਰਿਕ ਤੇ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੇ ਸਿੱਧੂ ਨਾਲ ਤਸਵੀਰ ਖਿਚਵਾਈ ਹੈ। ਇਸ ਤੋਂ ਬਾਅਦ ਸਿੱਧੂ 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ। ਦਿੱਲੀ ਤੋਂ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਨੂੰ ਪੰਜਾਬ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।
https://twitter.com/mssirsa/status/1067963260278689792
ਪਾਕਿਸਤਾਨ ਤੋਂ ਪਰਤ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਨਾਲ਼ ਹਾਂਪੱਖੀ ਸ਼ੁਰੂਆਤ ਹੋਈ ਹੈ। ਸਿੱਧੂ ਨੇ ਕਿਹਾ ਕਿ ਉਹ ਦੁਸ਼ਮਣੀ ਖਤਮ ਕਰਵਾਉਣਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਵਿੱਚ ਦੋਸਤੀ ਚਾਹੁੰਦੇ ਹਨ ਤੇ ਇਹ ਸੰਭਾਵਨਾਵਾਂ ਲੈ ਕੇ ਵਾਪਸ ਪਰਤੇ ਹਨ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਜੋ ਨਫਰਤ ਦਾ ਜ਼ਹਿਰ ਸੀ, ਉਨ੍ਹਾਂ ਨੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਇਹ ਜ਼ਹਿਰ ਘਟਾ ਕੇ ਆਏ ਹਨ। ਸਿੱਧੂ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਰੋਸਾ ਜਤਾਇਆ ਹੈ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਬਾਰਡਰ ਖੁੱਲ੍ਹ ਸਕਦੇ ਹਨ ਤੇ ਵਪਾਰ ਵੱਧ ਸਕਦਾ ਹੈ। ਇਸ ਨਾਲ ਖੁਸ਼ਹਾਲ ਹੋਵੇਗੀ।