ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਵਿੱਚ ਖ਼ਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਤਸਵੀਰ ਆਉਣ 'ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਸਾਥੀ ਸਿੱਧੂ ਦੀ ਪਿੱਠ 'ਤੇ ਆਣ ਖਲੋ ਗਏ ਹਨ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਫ਼ੋਟੋ ਵਿਵਾਦ 'ਤੇ ਸਿੱਧੂ ਦਾ ਬਚਾਅ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ਼ਲਤੀ ਕੱਢੀ।
ਇਹ ਵੀ ਪੜ੍ਹੋ: ਜੱਫੀ ਵਿਵਾਦ 'ਚੋਂ ਨਿੱਕਲੇ ਸਿੱਧੂ ਦੇ ਗਲ਼ ਪਈ ਖ਼ਾਲਿਸਤਾਨੀ ਸਮੱਸਿਆ
ਰੰਧਾਵਾ ਨੇ ਕਿਹਾ ਕਿ ਗਲਤੀ ਨਵਜੋਤ ਸਿੰਘ ਸਿੱਧੂ ਦੀ ਨਹੀਂ ਬਲਕਿ ਇਮਰਾਨ ਖ਼ਾਨ ਦੀ ਹੈ ਜਿਸ ਨੇ ਗੋਪਾਲ ਸਿੰਘ ਚਾਵਲਾ ਨੂੰ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਸਿਆਸਤਦਾਨ ਦੇ ਨਾਲ-ਨਾਲ ਇੱਕ ਸੈਲਿਬ੍ਰਿਟੀ ਵੀ ਹੈ ਜਿਸ ਕਰਕੇ ਉਨ੍ਹਾਂ ਦੇ ਫੈਨ ਹਰ ਜਗ੍ਹਾ 'ਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਮੌਕੇ ਗੋਪਾਲ ਚਾਵਲਾ ਵੀ ਪਹੁੰਚੇ ਸਨ ਤੇ ਉੱਥੋਂ ਦੀਆਂ ਤਸਵੀਰਾਂ 'ਤੇ ਹੀ ਸਵਾਲ ਚੁੱਕੇ ਗਏ ਹਨ।
ਸਬੰਧਤ ਖ਼ਬਰ: ਕਰਤਾਰਪੁਰ ਲਾਂਘੇ ਦਾ ਕੀ ਹੋਏਗਾ ਪੂਰਾ ਸਿਸਟਮ, ਪਾਕਿਸਤਾਨ ਨੇ ਵੀਡੀਓ ਰਾਹੀਂ ਸਮਝਾਇਆ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਕਰ ਸਿੱਧੂ ਨੇ ਉੱਥੇ ਗੋਪਾਲ ਸਿੰਘ ਚਾਵਲਾ ਨਾਲ ਕੋਈ ਬੰਦ ਕਮਰਾ ਮੁਲਾਕਾਤ ਕੀਤੀ ਹੋਵੇ ਤਾਂ ਉਹ ਜ਼ਰੂਰ ਕਸੂਰਵਾਰ ਹਨ ਪਰ ਫ਼ੋਟੋ ਖਿਚਵਾਉਣ ਕੋਈ ਗੁਨਾਹ ਨਹੀਂ। ਇਮਰਾਨ ਖ਼ਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿੱਚ ਆ ਕੇ ਚੋਣ ਲੜਨ ਦੇ ਬਿਆਨ 'ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹ ਗੱਲ ਕਹੀ ਜਾਂਦੀ ਤਾਂ ਮੌਕੇ 'ਤੇ ਹੀ ਟੋਕ ਦਿੰਦੇ ਤੇ ਕਹਿੰਦੇ ਕਿ ਉਹ ਇੱਕ ਹਿੰਦੁਸਤਾਨੀ ਹਨ।