ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ਾ ਪੱਤਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। 1998 ਬੈਚ ਦੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ’ਤੇ ਇੱਕ ਪੋਸਟ ਪਾਈ ਹੈ ਕਿ ਜਿਸ ਤੋਂ ਜਾਹਰ ਹੁੰਦਾ ਹੈ ਕਿ ਉਹ ਹੁਣ ਵੀ ਆਪਣਾ ਅਹੁਦਾ ਛੱਡਣ 'ਤੇ ਅੜ੍ਹੇ ਹੋਏ ਹਨ। ਮੰਗਲਵਾਰ ਰਾਤ 10.30 ਵਜੇ ਪਾਈ ਗਈ ਪੋਸਟ ’ਚ ਉਨ੍ਹਾਂ ਲਿਖਿਆ :



“ਮੈਂ ਆਪਣਾ ਕੰਮ ਕੀਤਾ...... ਕੋਈ ਅਫਸੋਸ ਨਹੀਂ.....


ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ ਨੂੰ ਗਲੈਮਰਸ ਨਾ ਬਣਾਓ ਜਾਂ ਰਾਜਨੀਤੀ ਨਾ ਕਰੋ....


ਮੇਰੀ ਰਿਪੋਰਟ ਤੇ ਚਾਰਜਸ਼ੀਟ ਦਾ ਹਰ ਇੱਕ ਸ਼ਬਦ ਆਪਣੇ ਆਪ ਵਿੱਚ ਸਬੂਤ ਹੈ....


ਇਸ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ....


ਦੋਸ਼ੀ ਮਨ ਸੱਚ ਦੇ ਸ਼ੀਸ਼ੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ....


ਮੈਂ ਅੰਤਮ ਫੈਸਲੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ ਹੈ; ਮੇਰੀ ਸੂਝ ਤੇ ਕਾਨੂੰਨ ਦੇ ਗਿਆਨ ਅਨੁਸਾਰ ਸਭ ਤੋਂ ਉੱਤਮ ਅਦਾਲਤ।


ਮੈਂ ਸਮਾਜ ਦੀ ਸਰਵਉੱਤਮ ਤਰੀਕੇ ਨਾਲ ਸੇਵਾ ਜਾਰੀ ਰੱਖਾਂਗਾ, ਹਾਲਾਂਕਿ, ਆਈਪੀਐਸ ਵਜੋਂ ਨਹੀਂ।”


ਦੂਜੇ ਪਾਸੇ, ਬੀਤੇ ਦਿਨੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਭੇਜੀ ਗਈ ਸੇਵਾ ਮੁਕਤੀ ਅਪੀਲ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਬਹੁਤ ਹੀ ਸਮਰੱਥ ਤੇ ਕੁਸ਼ਲ ਅਫਸਰ ਹਨ, ਜਿਨ੍ਹਾਂ ਦੀਆਂ ਸੇਵਾਵਾਂ ਦੀ ਸਰਹੱਦੀ ਸੂਬੇ ਨੂੰ ਲੋੜ ਹੈ। ਖਾਸ ਕਰਕੇ ਅਜਿਹੇ ਸਮੇਂ ਜਦੋਂ ਪੰਜਾਬ ਵੱਖ-ਵੱਖ ਅੰਦਰੂਨੀ ਤੇ ਬਾਹਰੀ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ।


ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬੇ ਨੂੰ ਇਸ ਅਫਸਰ ਦੇ ਤਜ਼ਰਬੇ ਅਤੇ ਮੁਹਾਰਤ ਦੀ ਲੋੜ ਹੈ, ਜਿਸ ਨੇ ਪੰਜਾਬ ਪੁਲਿਸ ਵਿੱਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ’ਤੇ ਰਹਿੰਦਿਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਕੁਸ਼ਲ, ਕਾਬਲ ਤੇ ਦਲੇਰ ਅਫਸਰ ਹੈ ਜਿਸ ਦਾ ਮਿਸਾਲੀ ਟਰੈਕ ਰਿਕਾਰਡ ਹੈ।


ਜ਼ਿਕਰਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਸ ਸਮੇਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਕਰ ਰਹੇ ਹਨ। ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਵੱਲੋਂ ਜਾਰੀ ਜਾਂਚ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਸੀ।


ਇੰਨਾ ਹੀ ਨਹੀਂ ਅਦਾਲਤ ਨੇ ਨਵੀਂ ਐਸਆਈਟੀ ਬਣਾਉਣ ਦੇ ਨਿਰਦੇਸ਼ ਜਾਰੀ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਟੀਮ ਤੋਂ ਬਾਹਰ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਫੈਸਲਾ ਪੁਲਿਸ ਮੁਲਾਜ਼ਮ ਗੁਰਦੀਪ ਸਿੰਘ ਪੰਧੇਰ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ’ਤੇ ਸੁਣਾਇਆ ਸੀ।


ਇਹ ਵੀ ਪੜ੍ਹੋ: OnePlus Watch sale: ਇਸ ਤਾਰੀਖ ਤੋਂ ਖਰੀਦ ਸਕਦੇ ਹੋ ਵਨਪਲੱਸ ਵਾਚ, 100 ਤੋਂ ਵੱਧ ਸਪੋਰਟਸ ਮੋਡ ਨਾਲ ਮਿਲਣਗੇ ਇਹ ਫੀਚਰਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904