ਫ਼ਰੀਦਕੋਟ: ਕੋਟਕਪੂਰਾ ਗੋਲ਼ੀਕਾਂਡ ਵਿੱਚ ਗ੍ਰਿਫ਼ਤਾਰ ਆਈਜੀ ਰੈਂਕ ਦੇ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਹੁਣ ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਜਾਂਚ ਟੀਮ ਹੱਥ ਅਜਿਹੇ ਸਬੂਤ ਲੱਗੇ ਹਨ, ਜਿਸ ਤੋਂ ਸਾਫ ਹੈ ਕਿ ਬਹਿਬਲ ਕਲਾਂ ਗੋਲ਼ੀਕਾਂਡ ਵੇਲੇ ਤਾਇਨਾਤ ਚਰਨਜੀਤ ਸਿੰਘ ਸ਼ਰਮਾ ਨੂੰ ਪੂਰੀ ਕਮਾਂਡ ਉਮਰਾਨੰਗਲ ਹੀ ਦੇ ਰਹੇ ਸਨ।
14 ਅਕਤੂਬਰ 2015 ਨੂੰ ਵਾਪਰੇ ਬਹਿਬਲ ਕਲਾਂ ਕਾਂਡ ਮਗਰੋਂ ਪੁਲਿਸ ਅਧਿਕਾਰੀਆਂ ਨੇ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਸੀ। ਇਸੇ ਕਾਨਫ਼ਰੰਸ ਦੇ ਤੱਥ ਘੋਖਣ ਤੋਂ ਬਾਅਦ ਜਾਂਚ ਟੀਮ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ, ਜਿਨ੍ਹਾਂ ਤੋਂ ਗੋਲ਼ੀਕਾਂਡ ਵਿੱਚ ਉਮਰਾਨੰਗਲ ਦੀ ਸ਼ਮੂਲੀਅਤ ਜ਼ਾਹਰ ਹੁੰਦੀ ਹੈ।
ਪੁਲਿਸ ਦੀ ਗੋਲ਼ੀ ਕਾਰਨ ਮਾਰੇ ਗਏ ਦੋ ਸਿੱਖ ਨੌਜਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਮਾਮਲੇ ਵਿੱਚ ਬਾਜਾਖਾਨਾ ਪੁਲਿਸ ਨੇ ਕਤਲ, ਇਰਾਦਾ ਕਤਲ, ਸਾਜਿਸ਼, ਫਰਜ਼ੀ ਗਵਾਹੀ ਇਕੱਠੀ ਕਰਨੀ, ਦੰਗੇ ਭੜਕਾਉਣ ਆਦਿ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਇਸ ਮਾਮਲੇ ਵਿੱਚ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਗ੍ਰਿਫ਼ਤਾਰ ਹੋ ਚੁੱਕੇ ਹਨ।
ਹੁਣ ਇਸ ਮਾਮਲੇ ਵਿਚ ਉਗਰਾਨੰਗਲ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਜਾ ਰਿਹਾ ਹੈ। ਜਾਂਚ ਟੀਮ ਦੇ ਅਧਿਕਾਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਹਾਲ ਦੀ ਘੜੀ ਇਸ ਮਾਮਲੇ ‘ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦੇ। ਐਸਆਈਟੀ ਤੇਜ਼ੀ ਨਾਲ ਜਾਂਚ ਨੂੰ ਅੰਜਾਮ ਤਕ ਪਹੁੰਚਾਉਣ ਵਿੱਚ ਜੁਟੀ ਹੋਈ ਹੈ।