ਚੰਡੀਗੜ੍ਹ: ਡੋਨਾਲਡ ਟਰੰਪ ਦੀ ਸਰਕਾਰ ਨੇ ਬੇਸ਼ੱਕ ਪਰਵਾਸੀਆਂ ਲਈ ਕਾਨੂੰਨ ਸਖਤ ਕਰ ਦਿੱਤੇ ਹਨ ਪਰ ਅਜੇ ਵੀ ਭਾਰਤੀ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਦੀ ਹੱਦ ਟੱਪਣ ਤੋਂ ਨਹੀਂ ਡਰ ਰਹੇ। ਉਂਝ ਹੋਰ ਮੁਲਕਾਂ ਦੇ ਲੋਕ ਵੀ ਗੈਰ ਕਾਨੂੰਨੀ ਤਰਕਿਆਂ ਨਾਲ ਅਮਰੀਕਾ ਜਾ ਰਹੇ ਹਨ ਪਰ ਸਭ ਤੋਂ ਵੱਧ ਰਿਸਕ ਭਾਰਤੀ ਹੀ ਲੈ ਰਹੇ ਹਨ।


ਹਾਸਲ ਜਾਣਕਾਰੀ ਮੁਤਾਬਕ ਸਾਲ 2019 ਵਿੱਚ ਭਾਰਤੀ ਮੂਲ ਦੇ 8447 ਵਿਅਕਤੀਆਂ ਨੂੰ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅੰਕੜਾ ਦੱਸਦਾ ਹੈ ਕਿ ਅਜੇ ਵੀ ਵੱਡੀ ਗਿਣਤੀ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਹਨ ਕਿਉਂਕ ਜ਼ਿਆਦਾਤਰ ਲੋਕ ਘੁਸਪੈਠ ਕਰਨ ਵਿੱਚ ਸਫਲ ਰਹਿੰਦੇ ਹਨ ਤੇ ਕੁਝ ਕੂ ਹੀ ਫੜੇ ਜਾਂਦੇ ਹਨ।

ਇਸ ਬਾਰੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਗਿਆ ਹੈ। ਇਸ ਲਈ ਸਾਲ 2019 ਵਿੱਚ ਭਾਰਤੀ ਮੂਲ ਦੇ 8447 ਵਿਅਕਤੀਆਂ ਨੂੰ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਵੱਧ ਹੈ।

ਇਹ ਅੰਕੜਾ ਵਿੱਤੀ ਸਾਲ 2014 ਤੋਂ ਲੈ ਕੇ ਵਿੱਤੀ ਸਾਲ 2019 ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਗ਼ੈਰਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖ਼ਲ ਹੋਏ ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਪੰਜਾਬ ਇਸ ਵੇਲੇ ਗ਼ੈਰਕਨੂੰਨੀ ਮਨੁੱਖੀ ਤਸਕਰੀ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਕਰੋੜਾਂ ਰੁਪਏ ਦਾ ਗ਼ੈਰਕਾਨੂੰਨੀ ਧੰਦਾ ਚੱਲ ਰਿਹਾ ਹੈ।

ਚਾਹਲ ਨੇ ਦੱਸਿਆ ਕਿ ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਵਿਭਾਗ (ਆਈਸੀਈ) ਪਾਸੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਵਿੱਤੀ ਸਾਲ 2019 ਦੌਰਾਨ ਇਨ੍ਹਾਂ ਭਾਰਤੀ ਮੂਲ ਦੇ ਜੇਲ੍ਹਾਂ ਵਿੱਚ ਨਜ਼ਰਬੰਦ ਕੀਤੇ ਗਏ ਲੋਕਾਂ ਵਿੱਚੋਂ 1616 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਅਮਰੀਕਾ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਨ੍ਹਾਂ ਵਿੱਚ ਭਾਰਤੀ ਮੂਲ ਦੀਆਂ 76 ਔਰਤਾਂ ਸ਼ਾਮਲ ਸਨ।

ਵਿੱਤੀ ਸਾਲ 2014 ਦੌਰਾਨ ਭਾਰਤੀ ਮੂਲ ਦੇ ਜਿਹੜੇ ਕੁੱਲ 2306 ਲੋਕਾਂ ਨੂੰ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਵਿਭਾਗ ਨੇ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਸੀ, ਉਨ੍ਹਾਂ ਵਿੱਚ ਭਾਰਤੀ ਮੂਲ ਦੀਆਂ 146 ਔਰਤਾਂ ਸ਼ਾਮਲ ਸਨ।