ਚੰਡੀਗੜ੍ਹ: ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲੀ ਏਅਰਪੋਰਟ ਰੋਡ ਨਾਜਾਇਜ਼ ਮਾਈਨਿੰਗ ਦਾ ਸ਼ਿਕਾਰ ਹੋ ਗਈ ਹੈ। ਇਹ ਰੋਡ ਹਿਮਾਚਲ ਦੇ ਤਕਰੀਬਨ ਦੋ ਦਰਜਨ ਤੋਂ ਵੀ ਜ਼ਿਆਦਾ ਪਿੰਡਾਂ ਨੂੰ ਪਠਾਨਕੋਟ ਦੇ ਰਸਤੇ ਫਿਰ ਹਿਮਾਚਲ ਨਾਲ ਜੋੜਦੀ ਹੈ। ਇਹ ਚੱਕੀ ਦਰਿਆ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਭੇਟ ਚੜ੍ਹ ਗਈ ਹੈ। ਇਹ ਸੜਕ ਪਠਾਨਕੋਟ ਸਿਵਲ ਹਵਾਈ ਅੱਡੇ ਨੂੰ ਜਾਣ ਵਾਲਾ ਇੱਕੋ-ਇੱਕ ਰਸਤਾ ਹੈ। ਇਸ ਤੋਂ ਇਲਾਵਾ ਏਅਰਪੋਰਟ ਜਾਣ ਲਈ ਹੋਰ ਕੋਈ ਰਸਤਾ ਨਹੀਂ ਹੈ। ਹਿਮਾਚਲ ਦੀ ਹੱਦ ’ਤੇ ਹੋਣ ਕਾਰਨ ਹਿਮਾਚਲ ਪ੍ਰਸ਼ਾਸਨ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।   ਹਿਮਾਚਲ ਸਰਕਾਰ ਵੱਲੋਂ ਜੋ ਕੰਮ ਕਰਾਇਆ ਵੀ ਜਾ ਰਿਹਾ ਹੈ, ਉਹ ਕਾਫ਼ੀ ਨਹੀਂ, ਸਿਰਫ਼ ਮਿੱਟੀ ਪਾ ਕੇ ਚੱਕੀ ਦਰਿਆ ’ਤੇ ਕੰਧ ਬਣਾਈ ਗਈ ਹੈ। ਨਹਿਰ ਵਿੱਚ ਕਰੇਟ ਬੰਨ੍ਹਣ ਦਾ ਕੰਮ ਵੀ ਬਹੁਤ ਮੱਠਾ ਪੈ ਰਿਹਾ ਹੈ ਜਿਸ ਕਾਰਨ ਆਉਣ ਵਾਲੀਆਂ ਬਰਸਾਤਾਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਫਿਰ ਤੋਂ ਇਸ ਸੜਕ ਦੇ ਵਹਿ ਜਾਣ ਦੀ ਖ਼ਤਰਾ ਹੈ। ਸਥਾਨਕ ਲੋਕਾਂ ਨੇ ਹਿਮਾਚਲ ਤੇ ਪੰਜਾਬ ਸਰਕਾਰ ਨੂੰ ਇਸ ਸੜਕ ਵੱਲ ਧਿਆਨ ਦੇਣ ਲਈ ਕਿਹਾ ਹੈ। ਸੜਕ ਦੇ ਦੋਵਾਂ ਸੂਬਿਆਂ ਵਿਚਾਲੇ ਪੈਂਦੇ ਹੋਣ ਕਾਰਨ ਦੋਵਾਂ ’ਚੋਂ ਕੋਈ ਵੀ ਇਸ ਵੱਲ ਖ਼ਾਸ ਦਿਲਚਸਪੀ ਨਹੀਂ ਲੈ ਰਿਹਾ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਲਾਕੇ ਦੇ ਸਥਾਨਕ ਵਿਧਾਇਕ ਨੇ ਇਸ ਸਬੰਧੀ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਏਅਰਫੋਰਸ ਨਾਲ ਗੱਲ ਚੱਲ ਰਹੀ ਹੈ। ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ’ਤੇ ਲੋਕਾਂ ਦੀ ਸੁਵਿਧਾ ਲਈ ਏਅਰਫੋਰਸ ਦੀ ਸੜਕ ਵਰਤੀ ਜਾਵੇਗੀ।