Punjab Weather: ਪੰਜਾਬ 'ਚ ਨਵੰਬਰ ਮਹੀਨੇ ਵੀ ਮੌਸਮ ਵਿੱਚ ਖਾਸ ਬਦਲਾਅ ਨਜ਼ਰ ਨਹੀਂ ਆ ਰਿਹਾ। ਜਿਸਦੇ ਚੱਲਦੇ ਦੁਪਿਹਰ ਸਮੇਂ ਗਰਮੀ ਮਹਿਸੂਸ ਹੁੰਦੀ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਖਾਸ ਤਬਦੀਲੀ ਵੇਖੀ ਜਾ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ, ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫ਼ਾਨ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲੇਗਾ, ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।


ਚੱਕਰਵਾਤੀ ਤੂਫਾਨ ਦਾ ਦਿਖੇਗਾ ਕਹਿਰ


ਵਿਭਾਗ ਅਨੁਸਾਰ ਦੱਖਣੀ-ਪੱਛਮੀ ਬੰਗਾਲ ਦੀ ਖਾੜੀ 'ਤੇ ਬਣਿਆ ਡੂੰਘਾ ਦਬਾਅ ਅਗਲੇ 12 ਘੰਟਿਆਂ 'ਚ ਚੱਕਰਵਾਤੀ ਤੂਫਾਨ 'ਫੇਂਗਲ' 'ਚ ਬਦਲ ਜਾਵੇਗਾ ਕਿਉਂਕਿ ਇਹ ਉੱਤਰ-ਪੱਛਮ ਵੱਲ ਵਧ ਰਿਹਾ ਹੈ, ਜਿਸ ਦਾ ਅਸਰ ਪੰਜਾਬ ਸਮੇਤ ਗੁਆਂਢੀ ਸੂਬਿਆਂ 'ਚ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਪੰਜਾਬ-ਹਰਿਆਣਾ ਵਿੱਚ ਵੀ ਸੰਘਣੀ ਧੁੰਦ ਪੈ ਸਕਦੀ ਹੈ।


ਦੱਸ ਦਈਏ ਕਿ ਮੀਂਹ ਕਾਰਨ ਸੂਬੇ ਦੀ ਹਵਾ 'ਚ ਵੀ ਸੁਧਾਰ ਹੋਵੇਗਾ। ਫਿਲਹਾਲ ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਵਿੱਚ ਪ੍ਰਦੂਸ਼ਣ ਵੱਧ ਹੈ। ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਅਤੇ ਅੰਮ੍ਰਿਤਸਰ ਦਾ ਹਵਾ ਗੁਣਵੱਤਾ ਸੂਚਕ ਅੰਕ 200 ਨੂੰ ਪਾਰ ਕਰ ਗਿਆ ਹੈ, ਜਦਕਿ ਬਾਕੀ ਸ਼ਹਿਰਾਂ ਵਿੱਚ ਇਹ 100 ਤੋਂ 200 ਦੇ ਵਿਚਕਾਰ ਹੈ। ਜਦਕਿ ਚੰਡੀਗੜ੍ਹ ਦਾ AQI 200 ਤੋਂ ਹੇਠਾਂ ਬਣਿਆ ਹੋਇਆ ਹੈ। ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਦਸੰਬਰ ਵਿੱਚ ਪੰਜਾਬ ਵਿੱਚ ਕੜਾਕੇ ਦੀ ਠੰਢ ਵਧ ਸਕਦੀ ਹੈ।