ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੀਜੇਪੀ ਲੀਡਰ ਮੁਕੇਸ਼ ਅੰਬਾਨੀ, ਅਡਾਨੀ ਤੇ ਨੀਰਵ ਮੋਦੀ ਵਰਗੇ ਅਮੀਰਾਂ ਦੇ ਚੌਕੀਦਾਰ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਲੋਕ ਦੱਸਣਗੇ ਕਿ ਅਸਲੀ ਚੌਕੀਦਾਰ ਕੌਣ ਹੈ। ਮੰਗਲਵਾਰ ਨੂੰ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ।

ਇਸ ਮੌਕੇ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਉਨ੍ਹਾਂ ਸੰਸਦ ਵਿੱਚ ਪੰਜਾਬ ਦੇ ਤਕਰੀਬਨ 486 ਮੁੱਦੇ ਚੁੱਕੇ ਪਰ ਉਨ੍ਹਾਂ ਦੇ ਐਮਪੀ ਘੱਟ ਹੋਣ ਕਾਰਨ ਇਨ੍ਹਾਂ ਮੁੱਦਿਆਂ ਨੂੰ ਤਵੱਜੋ ਨਹੀਂ ਦਿੱਤੀ ਗਈ। ਉਨ੍ਹਾਂ ਸਵਾਲ ਚੁੱਕਿਆ ਕਿ ਪੰਜ ਸਾਲ ਲੋਕਪਾਲ ਦੀ ਨਿਯੁਕਤੀ ਨਹੀਂ ਕੀਤੀ ਗਈ ਪਰ ਆਖ਼ਿਰੀ ਸਮੇਂ ਵਿੱਚ ਲੋਕਪਾਲ ਦੀ ਨਿਯੁਕਤੀ ਸਰਕਾਰ ਦੀ ਨੀਅਤ ’ਤੇ ਸ਼ੰਕੇ ਖੜੇ ਕਰਦੀ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੇ 2014 ਵਿੱਚ ਇਸ ਕਰਕੇ ਬੀਜੇਪੀ ਸਰਕਾਰ ਬਣਾਈ ਸੀ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ ਪਰ ਅੱਜ ਦੇਸ਼ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ। ਇੱਥੋਂ ਤਕ ਕਿ ਵਿਦਿਆਰਥੀ ਵਰਗ ਵੀ ਇਸ ਸਰਕਾਰ ਤੋਂ ਪਰੇਸ਼ਾਨ ਹੈ।