ਜਲੰਧਰ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਲੈ ਸਕਦਾ ਹੈ। ਪੰਜਾਬ ਏਕਤਾ ਪਾਰਟੀ ਨੂੰ ਅਜੇ ਵੀ ਪੂਰੀ ਆਸ ਹੈ ਕਿ ਖਡੂਰ ਸਾਹਿਬ ਤੋਂ ਟਕਸਾਲੀ ਆਪਣਾ ਉਮੀਦਵਾਰ ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਹਮਾਇਤ ਵਿੱਚ ਵਾਪਸ ਲੈ ਸਕਦੇ ਹਨ। ਪੀਡੀਏ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਟਕਸਾਲੀਆਂ ਨੇ ਇਸ ਸੀਟ ਤੋਂ ਜਨਰਲ ਜੇਜੇ ਸਿੰਘ ਨੂੰ ਟਿਕਟ ਦਿੱਤੀ ਹੋਈ ਹੈ।

ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਟਕਸਾਲੀਆਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਉਹ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਦਿੰਦਿਆਂ ਆਪਣਾ ਉਮੀਦਵਾਰ ਵਾਪਸ ਲੈ ਲੈਣ। ਇਸ ਬਦਲੇ ਪੀਡੀਏ ਟਕਸਾਲੀਆਂ ਨੂੰ ਵੀ ਕੁਝ ਦੇਵੇਗਾ। ਉਹ ਕੀ ਹੋਵੇਗਾ ਇਹ ਗੱਲਬਾਤ ਸਿਰੇ ਚੜ੍ਹਨ 'ਤੇ ਹੀ ਦੱਸਿਆ ਜਾਵੇਗਾ। ਖਹਿਰਾ ਨੇ ਆਸ ਜਤਾਉਂਦਿਆਂ ਕਿਹਾ ਕਿ ਟਕਸਾਲੀਆਂ ਨਾਲ ਹੁਣ ਵੀ ਗੱਲਬਾਤ ਚੱਲ ਰਹੀ ਹੈ। ਇਸ ਲਈ ਹੋ ਸਕਦਾ ਹੈ ਕਿ ਜਲਦ ਖਡੂਰ ਸਾਹਿਬ ਦੀ ਸੀਟ 'ਤੇ ਸਹਿਮਤੀ ਬਣ ਜਾਵੇ।

ਮੰਨਿਆ ਜਾ ਰਿਹਾ ਹੈ ਕਿ ਜੇਕਰ ਟਕਸਾਲੀ ਆਪਣਾ ਉਮੀਦਵਾਰ ਵਾਪਸ ਲੈਂਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਬੀਬੀ ਜਗੀਰ ਕੌਰ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਪੰਥਕ ਵੋਟ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਹੈ। ਟਕਸਾਲੀਆਂ ਦੀ ਵੋਟ ਵੀ ਬੀਬੀ ਖਾਲੜਾ ਨੂੰ ਮਿਲਣ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ।

ਬਠਿੰਡਾ ਤੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖਿਲਾਫ ਚੋਣ ਲੜਨ ਬਾਰੇ ਖਹਿਰਾ ਦਾ ਕਹਿਣਾ ਹੈ ਕਿ ਇਸ ਵਾਰ ਬਠਿੰਡਾ ਦੇ ਨਤੀਜੇ ਹੈਰਾਨੀਜਨਕ ਹੋਣਗੇ। ਖਹਿਰਾ ਨੇ ਕਿਹਾ ਕਿ ਦੋ ਵਾਰ ਇੱਕੋ ਸੀਟ ਤੋਂ ਐਮਪੀ ਰਹਿਣ ਤੋਂ ਬਾਅਦ ਹਰਸਿਮਰਤ ਬਾਦਲ ਦੇ ਨਾਂ ਦਾ ਬਠਿੰਡਾ ਤੋਂ ਐਲਾਨ ਨਹੀਂ ਹੋ ਰਿਹਾ। ਇਹ ਕੀ ਸੰਕੇਤ ਦਿੰਦੇ ਹਨ।