ਬਠਿੰਡਾ: ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਬਠਿੰਡਾ ਵਿੱਚ ਨਵੇਂ ਤਿਆਰ ਹੋਏ ਦੋ ਕੌਮੀ ਸ਼ਾਹਰਾਹਾਂ ਦੇ ਉਦਘਾਟਨੀ ਸਮਾਗਮ ਅੱਜ ਰੱਦ ਹੋ ਗਏ ਹਨ। ਪਰ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਬੀਜੇਪੀ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਤਹਿਤ ਆਪਣੇ ਸਮਾਗਮ ਜ਼ਰੂਰ ਕਰੇਗਾ। ਕੇਂਦਰੀ ਮੰਤਰੀ ਗਡਕਰੀ ਦਾ ਰਾਸਤਾ ਤੂਫ਼ਾਨ ਨੇ ਥੰਮ੍ਹ ਲਿਆ ਹੈ। ਹਾਲਾਂਕਿ, ਇਨ੍ਹਾਂ ਸੜਕਾਂ ਨੂੰ ਲੋਕ ਪਹਿਲਾਂ ਤੋਂ ਹੀ ਵਰਤ ਰਹੇ ਹਨ, ਪਰ ਇਨ੍ਹਾਂ ਦਾ ਰਸਮੀ ਉਦਘਾਟਨ ਹਾਲ ਦੀ ਘੜੀ ਟਲ਼ ਗਿਆ ਹੈ।
ਮੌਸਮ ਵਿਭਾਗ ਵੱਲੋਂ ਨਾਗਪੁਰ ਤੋਂ ਗਡਕਰੀ ਦੀ ਫਲਾਈਟ ਨੂੰ ਉੱਡਣ ਦੀ ਆਗਿਆ ਨਹੀਂ ਮਿਲੀ। ਇਸ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਮਾਗਮ ਨੂੰ ਅਗਲੀ ਤਾਰੀਖ਼ ਤਕ ਮੁਲਤਵੀ ਕਰ ਦਿੱਤਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦੇ ਪ੍ਰੋਗਰਾਮ ਤਹਿਤ ਆਪਣੀ ਰੈਲੀ ਸਵਾ ਗਿਆਰਾਂ ਵਜੇ ਬਠਿੰਡਾ ਦੇ ਇੱਕ ਨਿਜੀ ਪੈਲਸ ਵਿੱਚ ਕਰਵਾਏਗਾ। ਸਮਾਗਮ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਪੁੱਜਣਗੇ।
ਬਠਿੰਡਾ ਤੋਂ ਅੰਮ੍ਰਿਤਸਰ ਸ਼ਾਹ ਮਾਰਗ ਐੱਨ ਐੱਚ 54 ਤੇ ਬਠਿੰਡਾ ਤੋਂ ਜ਼ੀਰਕਪੁਰ ਐੱਨਐੱਚ 7 ਯਾਨੀ ਬੰਬਾਂ ਵਾਲੀਆਂ ਸੜਕਾਂ ਬਣ ਕੇ ਤਿਆਰ ਹੋਈਆਂ ਹਨ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਇਨ੍ਹਾਂ ਦੇ ਹੀ ਉਦਘਾਟਨ ਲਈ ਆਉਣਾ ਸੀ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਦਾ ਦਿੱਤਾ ਗਿਆ ਸੀ।
2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਲੀਡਰਸ਼ਿਪ ਨੂੰ ਪ੍ਰਭਾਵਿਤ ਕਰਨ ਲਈ ਅਕਾਲੀ ਦਲ ਇਸ ਸਮਾਗਮ ਦਾ ਸਿਆਸੀ ਲਾਹਾ ਲੈਣਾ ਚਾਹੁੰਦਾ ਸੀ, ਪਰ ਇਹ ਹੋ ਨਾ ਸਕਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਇਕੱਠ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਅੱਜ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਆਪਣੀ ਇਸ ਰੈਲੀ ਨੂੰ ਤਾਂ ਸੰਬੋਧਨ ਕਰਨਗੇ, ਪਰ ਉਦਘਾਟਨੀ ਸਮਾਗਮ ਹੁਣ ਕਿਸੇ ਹੋਰ ਦਿਨ ਹੋਵੇਗਾ।