ਲੁਧਿਆਣਾ: ਲੁਧਿਆਣਾ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਰਵਿੰਦਰਪਾਲ ਸਿੰਘ ਨੂੰ ਚੋਣ ਲੜਨੀ ਮਹਿੰਗੀ ਪੈ ਰਹੀ ਹੈ। ਪਹਿਲਾਂ ਉਨ੍ਹਾਂ ਕੋਲ ਸਰਕਾਰ ਵੱਲੋਂ ਮੁਹੱਈਆ ਕਰਵਾਏ ਸੁਰੱਖਿਆ ਜਵਾਨਾਂ ਨੂੰ ਰੱਖਣ ਲਈ ਥਾਂ ਨਹੀਂ ਸੀ ਤੇ ਹੁਣ ਉਨ੍ਹਾਂ ਨੂੰ ਨਵੀਂ ਮੁਸੀਬਤ ਨੇ ਆ ਘੇਰਿਆ ਹੈ। ਦਰਅਸਲ ਉਨ੍ਹਾਂ ਦੀ ਰੇਹੜੀ 'ਤੇ ਕੰਮ ਕਰਨ ਵਾਲੇ ਬੰਦੇ ਕੰਮ ਛੱਡ ਗਏ ਹਨ। ਇਸ ਲਈ ਉਨ੍ਹਾਂ ਦਾ ਕੰਮ ਚੱਲਣਾ ਮੁਸ਼ਕਲ ਹੋ ਗਿਆ ਹੈ, ਕਿਉਂਕਿ ਉਹ ਆਪ ਚੋਣ ਪ੍ਰਚਾਰ ਕਰਨ ਵਿੱਚ ਮਸਰੂਫ ਹਨ। ਇਸ ਸਬੰਧੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਕੁਝ ਪਾਰਟੀਆਂ ਨੇ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਮੰਨੇ ਨਹੀਂ ਤਾਂ ਉਨ੍ਹਾਂ ਦੀ ਪਾਲ ਰੇਹੜੀ (ਬਾਬਾ ਜੀ ਬਰਗਰਾਂ ਵਾਲੇ) 'ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਭਜਾ ਦਿੱਤਾ ਗਿਆ ਤਾਂ ਕਿ ਉਹ ਖ਼ੁਦ ਰੇਹੜੀ 'ਤੇ ਕੰਮ ਕਰਨ ਤੇ ਉਨ੍ਹਾਂ ਦੇ ਚੋਣ ਪ੍ਰਚਾਰ 'ਤੇ ਅਸਰ ਪਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੇ ਬੈਂਕ ਖ਼ਾਤੇ ਵਿੱਚ 45 ਹਜ਼ਾਰ ਰੁਪਏ ਜਮ੍ਹਾਂ ਹਨ। 50 ਹਜ਼ਾਰ ਰੁਪਏ ਦੀ ਨਕਦੀ ਪਈ ਹੈ ਤੇ ਇੱਕ ਸਕੂਟੀ ਰੱਖੀ ਹੈ। ਉਹ ਅੱਠਵੀਂ ਪਾਸ ਹਨ। ਉਨ੍ਹਾਂ ਕਿਹਾ ਕਿ ਜੇ ਉਹ ਜਿੱਤ ਜਾਂਦੇ ਹਨ ਤਾਂ ਸਾਂਸਦ ਬਣਨ ਬਾਅਦ ਉਹ ਇਲਾਕੇ ਵਿੱਚ ਹਸਪਤਾਲ ਤੇ ਸਿੱਖਿਆ 'ਤੇ ਕੰਮ ਕਰਨਗੇ। ਉਹ ਸਕੂਟੀ 'ਤੇ ਹੀ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਸੁਰੱਖਿਆ ਮੁਲਾਜ਼ਮਾਂ ਨੂੰ ਗਲੀ ਵਿੱਚ ਹੀ ਕਿਰਾਏ 'ਤੇ ਕਮਰਾ ਲੈ ਕੇ ਦਿੱਤਾ ਹੈ। ਇੱਕ ਗੰਨਮੈਨ ਘਰ ਰਹਿੰਦਾ ਹੈ ਤੇ ਦੂਜਾ ਉਨ੍ਹਾਂ ਨਾਲ ਹੀ ਸਕੂਟੀ 'ਤੇ ਘੁੰਮਦਾ ਹੈ।