ਗੁਰਦਾਸਪੁਰ: ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਭਲਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਹਿਮ ਗੱਲਬਾਤ ਹੋਣ ਜਾ ਰਹੀ ਹੈ। ਇਸ ਗੱਲਬਾਤ ਤੋਂ ਪਹਿਲਾਂ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸੀਮਾ ਸੁਰੱਖਿਆ ਬਲ ਦੇ ਆਹਲਾ ਅਧਿਕਾਰੀਆਂ ਨੇ ਬੈਠਕ ਕੀਤੀ।
ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਸਾਹਿਬ ਦਰਸ਼ਨ ਸਥਲ 'ਤੇ ਮੀਟਿੰਗ ਉਪਰੰਤ ਅਧਿਕਾਰੀਆਂ ਨੇ ਦੱਸਿਆ ਕੌਰੀਡੋਰ ਲਈ ਬਣਾਏ ਜਾਣ ਵਾਲੇ ਵਿਸ਼ੇਸ ਟਰਮੀਨਲ ਤੇ ਲਾਂਘੇ ਜੋੜਨ ਵਾਲੇ ਮੁੱਖ ਰਸਤੇ ਨੂੰ ਬਣਾਉਣ ਦੀ ਤਿਆਰੀ ਸ਼ੁਰੂ ਕਰਨ ਦੇ ਮਕਸਦ ਨਾਲ ਜਾਇਜ਼ਾ ਲਿਆ ਗਿਆ ਹੈ। ਇਸ ਤੋਂ ਇਲਾਵਾ ਭਲਕੇ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਵੀ ਦੇਖੀਆਂ।
ਅੱਜ ਦੀ ਫੇਰੀ ਦੌਰਾਨ ਕੇਂਦਰੀ ਅਧਿਕਾਰੀਆਂ ਨੇ ਭਾਰਤੀ ਕੌਮੀ ਸ਼ਾਹਰਾਹ ਅਥਾਰਿਟੀ ਤੇ ਹੋਰ ਸਬੰਧਤ ਵਿਭਾਗਾਂ ਨਾਲ ਵੀ ਮੀਟਿੰਗ ਕੀਤੀ ਹੈ ਤੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਦੀ ਭਾਰਤ ਵੱਲੋਂ ਇੱਕ ਵਿਸ਼ੇਸ਼ ਟਰਮੀਨਲ ਪੋਰਟ ਬਣਾਇਆ ਜਾਵੇਗਾ ਜੋ ਕਰੀਬ 50 ਏਕੜ ਵਿੱਚ ਬਣਿਆ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਰਸਤਾ ਵੀ 11 ਨਵੰਬਰ ਤੋਂ ਪਹਿਲਾਂ ਤਿਆਰ ਕੀਤਾ ਜਾਵੇਗਾ। ਦੋਵੇਂ ਕੰਮ 11 ਨਵੰਬਰ ਤੋਂ ਪਹਿਲਾਂ ਪੂਰੇ ਕਰ ਲਏ ਜਾਣਗੇ।
ਕੇਂਦਰੀ ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀ ਅਖਿਲ ਸਕਸੇਨਾ ਸਮੇਤ ਟੀਮ ਦੇ ਅਧਿਕਾਰੀਆਂ ਨੇ ਉਸਾਰੀ ਕਾਰਜਾਂ ਲਈ ਜ਼ਮੀਨ ਐਕੁਆਇਰ ਕਰਨ ਨੂੰ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਦੱਸਿਆ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਰਕਾਰ ਕਿਸਾਨਾਂ ਤੋਂ ਛੇਤੀ ਹੀ ਜ਼ਮੀਨ ਐਕੁਆਇਰ ਕਰ ਉਨ੍ਹਾਂ ਨੂੰ ਸੌਂਪੇਗੀ। ਇਸ 'ਤੇ ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਜੀਤ ਸਿੰਘ ਦਾ ਕਹਿਣਾ ਹੈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜੋ ਜਲਦ ਪੂਰੀ ਹੋ ਜਾਵੇਗੀ।