ਅੰਮ੍ਰਿਤਸਰ: ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਅੱਜ ਅਟਾਰੀ ਵਿਖੇ ਹੋਣ ਵਾਲੀ ਪਰੇਡ ਦੇਖੀ। ਇਸ ਤੋਂ ਬਾਅਦ ਉਹ ਪਾਕਿਸਤਾਨ ਰਵਾਨਾ ਹੋ ਗਏ। ਬਿਸਾਰੀਆ ਨੇ ਕਿਹਾ ਕਿ ਉਹ ਪਹਿਲੀ ਵਾਰ ਅਟਾਰੀ ਵਿਖੇ ਹੋਣ ਵਾਲੀ ਪਰੇਡ ਦੇਖ ਰਹੇ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜਿੱਦਾਂ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਦਾ ਮਾਹੌਲ ਹੋਵੇ। ਅਜੇ ਬਿਸਾਰੀਆ ਨੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦਾ ਅਹੁਦਾ ਸੰਭਾਲਿਆ ਹੈ। ਉਹ ਅੱਜ ਦੂਜੀ ਵਾਰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਸੇਵਾ ਦਿੱਤੀ ਗਈ ਹੈ, ਉਹ ਕਾਫੀ ਚੁਣੌਤੀਆਂ ਭਰੀ ਤੇ ਕਾਫੀ ਰੋਮਾਂਚਕ ਵੀ ਹੈ। ਉਹ ਦੋਹਾਂ ਮੁਲਕਾਂ ਵਿਚਾਲੇ ਬਿਹਤਰ ਰਿਸ਼ਤੇ ਕਾਇਮ ਕਰਨ ਲਈ ਹਰ ਸੰਭਵ ਯਤਨ ਕਰਨਗੇ।