ਇਮਰਾਨ ਖ਼ਾਨ ਜਲੰਧਰ: ਖ਼ੁਸ਼ਹਾਲੀ ਲਈ ਜਾਣੇ ਜਾਂਦੇ ਪੰਜਾਬ ਦੀਆਂ ਦੋ ਤਸਵੀਰਾਂ ਹਨ। ਇੱਕ ਤਸਵੀਰ ਉਹ ਹੈ ਜਿਹੜੀ ਪੰਜਾਬੀ ਗਾਣਿਆਂ ਤੇ ਮਿਊਜ਼ਿਕ ਚੈਨਲਾਂ 'ਤੇ ਵਿਖਾਈ ਜਾਂਦੀ ਹੈ। ਇਸ ਵਿੱਚ ਕੈਨੇਡਾ, ਅਮਰੀਕਾ ਤੋਂ ਥੱਲੇ ਗੱਲ ਨਹੀਂ ਹੁੰਦੀ। ਪੰਜਾਬ ਦੀ ਦੂਜੀ ਤਸਵੀਰ ਕਦੇ-ਕਦਾਈਂ ਹੀ ਨਿਊਜ਼ ਚੈਨਲਾਂ ਰਾਹੀਂ ਲੋਕਾਂ ਸਾਹਮਣੇ ਆਉਂਦੀ ਹੈ। ਇਸ ਤਸਵੀਰ ਵਿੱਚ ਪਿੰਡਾਂ ਦੇ ਲੋਕਾਂ ਦੀ ਗ਼ਰੀਬੀ ਤੇ ਦੁੱਖ-ਤਕਲੀਫ਼ਾਂ ਸਾਫ਼ ਵੇਖੀਆਂ ਜਾ ਸਕਦੀ ਹਨ। ਇਸ ਗੱਲ 'ਤੇ ਕੋਈ ਡਿਬੇਟ ਨਹੀਂ ਹੁੰਦੀ ਕਿ ਆਖ਼ਰ ਕਿਉਂ ਔਰਤਾਂ ਨੂੰ ਕੰਮ ਕਰਨ ਸਊਦੀ ਵਰਗੇ ਸ਼ਹਿਰਾਂ ਵਿੱਚ ਜਾਣਾ ਪੈ ਰਿਹਾ ਹੈ ਤੇ ਕੰਮ ਤਾਂ ਦੂਰ ਕੰਮ ਦੇ ਨਾਂ 'ਤੇ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ। ਅਜਿਹੀ ਇੱਕ ਹੋਰ ਕਹਾਣੀ ਸਾਹਮਣੇ ਆਈ ਹੈ ਜਲੰਧਰ ਦੇ ਨੂਰਮਹਿਲ ਇਲਾਕੇ ਦੇ ਪਿੰਡ ਗੋਰਸੀਆ ਨਿਹਾਲ ਦੀ ਪਰਮਜੀਤ ਕੌਰ ਦੀ। ਪਰਮਜੀਤ ਦੇ ਪਿੰਡ ਦੇ ਹੀ ਏਜੰਟ ਨੇ ਉਸ ਦੇ ਘਰ ਆ ਕੇ ਕਿਹਾ ਸੀ ਕਿ ਉਹ ਉਸ ਨੂੰ ਸਊਦੀ ਵਿੱਚ ਨੌਕਰੀ ਲਵਾ ਦੇਵੇਗਾ। ਹਰ ਮਹੀਨੇ ਉਸ ਨੂੰ ਤੀਹ ਹਜ਼ਾਰ ਰੁਪਏ ਮਹੀਨੇ ਤਨਖ਼ਾਹ ਮਿਲੇਗੀ ਜਿਸ ਨਾਲ ਉਹ ਕੁੜੀ ਦਾ ਵਿਆਹ ਕਰਵਾ ਸਕੇਗੀ ਤੇ ਪਰਿਵਾਰ ਵੀ ਸਹੀ ਤਰੀਕੇ ਨਾਲ ਚੱਲ ਸਕੇਗਾ। ਏਜੰਟ ਦੀਆਂ ਗੱਲਾਂ ਵਿੱਚ ਆ ਕੇ ਪਰਮਜੀਤ ਸੱਤ ਮਹੀਨੇ ਪਹਿਲਾਂ ਸਊਦੀ ਚਲੀ ਗਈ। ਉੱਥੇ ਇੱਕ ਘਰ ਵਿੱਚ ਮਹੀਨਾ ਕੰਮ ਕਰਨ ਤੋਂ ਬਾਅਦ ਜਦੋਂ ਉਸ ਨੇ ਤਨਖ਼ਾਹ ਮੰਗੀ ਤਾਂ ਉਸ ਨੂੰ ਪਹਿਲੀ ਵਾਰ ਸੱਚ ਪਤਾ ਲੱਗਿਆ। ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਖ਼ਰੀਦਿਆ ਗਿਆ ਹੈ। ਖ਼ਰੀਦੇ ਬੰਦੇ ਦੀ ਕੋਈ ਤਨਖ਼ਾਹ ਨਹੀਂ ਹੁੰਦੀ। ਪਰਮਜੀਤ ਨੂੰ ਵੇਚੇ ਜਾਣ ਦਾ ਪਤਾ ਲੱਗਦੇ ਹੀ ਪਰਿਵਾਰ ਉਸ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਕਰਨ ਲੱਗਿਆ। ਪਰਿਵਾਰ ਕੋਲ ਤਾਂ ਇੰਨੇ ਵੀ ਪੈਸੇ ਨਹੀਂ ਕਿ ਉਹ ਪਰਮਜੀਤ ਨੂੰ ਸਊਦੀ ਫ਼ੋਨ ਕਾਲ ਵੀ ਕਰ ਸਕਣ। ਪਿੰਡ ਦੇ ਹੀ ਨਰੇਸ਼ ਕੁਮਾਰ ਘਰ ਆ ਕੇ ਪਰਮਜੀਤ ਨਾਲ ਫ਼ੋਨ 'ਤੇ ਗੱਲ ਕਰਵਾਉਂਦੇ ਹਨ। ਪਤੀ ਮਲਕੀਤ ਰਾਮ ਦਿਹਾੜੀ ਕਰਦਾ ਹੈ। ਵੱਡੀ ਬੇਟੀ ਪੂਜਾ ਦਾ ਵਿਆਹ ਹੋ ਚੁੱਕਿਆ ਹੈ। ਛੋਟੀ 12ਵੀਂ ਵਿੱਚ ਪੜ੍ਹਦੀ ਹੈ। ਬੇਟੇ ਲਵਪ੍ਰੀਤ ਨੇ ਪੜ੍ਹਾਈ ਛੱਡ ਕੇ ਬਾਪ ਨਾਲ ਮਜ਼ਦੂਰੀ ਸ਼ੁਰੂ ਕਰ ਦਿੱਤੀ ਹੈ। ਪਤੀ ਮਲਕੀਤ ਰਾਮ ਨੇ ਦੱਸਿਆ ਕਿ ਮਜ਼ਦੂਰੀ ਕਰਕੇ ਘਰ ਨਹੀਂ ਚੱਲ ਰਿਹਾ ਸੀ ਇਸ ਲਈ ਪਰਮਜੀਤ ਬਾਹਰ ਗਈ ਪਰ ਉਲਟਾ ਉਹ ਹੀ ਫਸ ਗਈ। ਪਰਿਵਾਰ ਦੀ ਜਦ ਪੁਲਿਸ ਨੇ ਨਾ ਸੁਣੀ ਤਾਂ ਪਿੰਡ ਦੇ ਕਿਸੇ ਬੰਦੇ ਤੋਂ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਵਾਇਆ। ਸੁਸ਼ਮਾ ਨੇ ਆਪਣੀ ਟੀਮ ਨੂੰ ਪਰਮਜੀਤ ਦੀ ਮਦਦ ਕਰਨ ਬਾਰੇ ਕਿਹਾ। ਬੀਤੀ ਤਿੰਨ ਨਵੰਬਰ ਨੂੰ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਪਰਮਜੀਤ ਘਰ ਵਾਪਸ ਆ ਰਹੀ ਹੈ ਪਰ ਉਹ ਅੱਜ ਤੱਕ ਵਾਪਸ ਨਾ ਆਈ। ਇਸ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਆਪਣਾ ਉਹ ਟਵੀਟ ਵੀ ਡਿਲੀਟ ਕਰ ਦਿੱਤਾ ਹੈ।