ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਸੰਵੇਦਨਸ਼ੀਲਤਾ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਅੱਜ ਫੇਰ ਉਨ੍ਹਾਂ ਅਜਿਹਾ ਹੀ ਕੰਮ ਕੀਤਾ ਹੈ। ਸਿੱਧੂ ਅੱਜ ਉਸ ਔਰਤ ਰਸ਼ਮੀ ਮਹਿਰਾ ਦੇ ਘਰ ਗਏ ਜਿਸ ਦਾ ਪਿਛਲੇ ਦਿਨੀਂ ਦੋ ਨੌਜਵਾਨਾਂ ਨੇ ਪਰਸ ਖੋਹ ਲਿਆ। ਉਸ ਦਾ ਬੱਚਾ ਇਸ ਘਟਨਾ 'ਚ ਜ਼ਖਮੀ ਹੋ ਗਿਆ ਸੀ। ਇਸ ਸਾਰੀ ਘਟਨਾ ਸੀਸੀਟੀਵੀ 'ਚ ਵੀ ਕੈਦ ਹੋਈ ਸੀ।
ਸਿੱਧੂ ਨੇ ਕਿਹਾ ਕਿ ਉਹ ਇਸ ਘਟਨਾ ਸਬੰਧੀ ਪਸ਼ਚਾਤਾਪ ਕਰਨ ਔਰਤ ਦੇ ਘਰ ਪੁੱਜੇ ਹਨ ਕਿਉਂਕਿ ਅਜਿਹੀ ਘਟਨਾ ਉਨ੍ਹਾਂ ਦੀ ਬੇਟੀ ਨਾਲ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਜਲਦ ਹੀ ਮੁਲਜ਼ਮ ਵੀ ਗ੍ਰਿਫਤਾਰ ਹੋ ਜਾਣਗੇ। ਸਿੱਧੂ ਨੇ ਰਸ਼ਮੀ ਤੋਂ ਮੁਆਫੀ ਮੰਗਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਨੇ ਹੀ ਉਨ੍ਹਾਂ ਨੂੰ ਵੀਡਿਓ ਦਿਖਾਈ ਤੇ ਉਨ੍ਹਾਂ ਨੂੰ ਆਪਣੀ ਬੇਟੀ ਯਾਦ ਆ ਗਈ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਅਜਿਹਾ ਮੇਰੀ ਬੇਟੀ ਨਾਲ ਵੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਮੈਂ ਤੇ ਸਮਾਜ ਇਸ ਘਟਨਾ 'ਤੇ ਸ਼ਰਮਸਾਰ ਹਾਂ ਤੇ ਜਲਦ ਹੀ ਮੁਲਜ਼ਮ ਗ੍ਰਿਫਤਾਰ ਹੋਣਗੇ। ਉਨ੍ਹਾਂ ਕਿਹਾ ਕਿ ਪੂਰੇ ਅੰਮ੍ਰਿਤਸਰ ਸ਼ਹਿਰ 'ਚ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਜਲਦ ਹੀ ਪੂਰਾ ਕਰ ਲਿਆ ਜਾਵੇਗਾ।