ਹੁਸ਼ਿਆਰਪੁਰ: ਮੱਧ ਪ੍ਰਦੇਸ਼ ਦੇ ਪਚਮੜੀ ਫੌਜੀ ਕੈਂਪ ਤੋਂ ਇਨਸਾਸ ਰਾਈਫਲਾਂ ਤੇ ਕਾਰਤੂਸ ਚੋਰੀ ਕਰਨ ਵਾਲਾ ਫੌਜ ਦਾ ਬਰਖਾਸਤ ਜਵਾਨ ਹਰਪ੍ਰੀਤ ਸਿੰਘ ਮੰਗਲਵਾਰ ਨੂੰ ਤੜਕੇ ਪੰਜਾਬ ਪੁਲਿਸ ਨੂੰ ਚਕਮਾ ਦੇ ਕਿ ਜ਼ਿਲ੍ਹਾ ਹਸਪਤਾਲ ਵਿੱਚੋਂ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਦੋਸ਼ੀ 5 ਦੰਸਬਰ, 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ।


ਦਰਆਸਲ, ਹਰਪ੍ਰੀਤ ਹਥਿਆਰ ਚੋਰੀ ਕਰਨ ਤੋਂ ਪਹਿਲਾਂ ਫੌਜ ਦੇ ਕੈਂਪ ਤੋਂ ਗਾਇਬ ਸੀ। ਉਸ ਨੇ 2017-18 ਦੌਰਾਨ ਇੱਕ ਸਾਲ ਲਈ ਪਚਮੜੀ ਵਿੱਚ ਆਰਮੀ ਸਿੱਖਿਆ ਕੇਂਦਰ ਵਿੱਚ ਸਿਖਲਾਈ ਲਈ ਸੀ। 5 ਦਸੰਬਰ ਨੂੰ ਉਹ ਇੱਕ ਸਾਥੀ ਨਾਲ ਪਚਮੜੀ ਪਹੁੰਚਿਆ। ਇੱਥੇ ਉਸ ਨੇ ਦੋ ਇਨਸਾਸ ਰਾਈਫਲਾਂ ਤੇ ਕਾਰਤੂਸਾਂ ਚੋਰੀ ਕਰ ਲਏ।

ਉਸ ਦੀ ਪਛਾਣ ਮਟਕੁਲੀ ਦੇ ਢਾਬੇ ਤੇ ਪਿਪਰੀਆ ਵਿੱਚ ਏਟੀਐਮ ਦੇ ਸੀਸੀਟੀਵੀ ਫੁਟੇਜ਼ ਦੇ ਅਧਾਰ 'ਤੇ ਹੋਈ। ਇਸ ਘਟਨਾ ਦੇ 5 ਦਿਨਾਂ ਬਾਅਦ ਹੀ ਪੰਜਾਬ ਪੁਲਿਸ ਨੇ ਦੋਸ਼ੀ ਨੂੰ ਹੁਸ਼ਿਆਰਪੁਰ ਨੇੜੇ ਮਿਆਣੀ ਵਿਖੇ ਕਾਬੂ ਕੀਤਾ ਸੀ। ਪੰਜਾਬ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ ਸੀ।

ਹਸਪਤਾਲ 'ਚ ਭਰਤੀ ਹਰਪ੍ਰੀਤ ਤੇ ਚਾਰ ਹੋਮ ਗਾਰਡ ਨਿਗਰਾਨੀ ਰੱਖਣ ਲਈ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਦੋ ਮੌਕੇ ਤੋਂ ਗੈਰਹਾਜ਼ਰ ਸਨ। ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਬਾਥਰੂਮ ਦਾ ਬਹਾਨਾ ਬਣਾ ਕੇ ਇੱਕ ਹੋਮ ਗਾਰਡ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਐਸਪੀ ਪਰਮਿੰਦਰ ਨੇ ਦੋਸ਼ੀ ਦੀ ਭਾਲ ਲਈ ਪੁਲਿਸ ਟੀਮਾਂ ਨੂੰ ਭੇਜਿਆ ਹੈ। ਆਲੇ ਦੁਆਲੇ ਦੇ ਇਲਾਕੇ 'ਚ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।