ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਾਗੀ ਟਕਸਾਲੀ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕਾਹਲੇ ਹਨ। ਇਨ੍ਹਾਂ ਲੀਡਰਾਂ ਨੂੰ ਪਤਾ ਹੈ ਕਿ ਧਾਰਮਿਕ ਸੰਸਥਾਵਾਂ ਤੋਂ ਬਾਦਲ ਦਲ ਦਾ ਕਬਜ਼ਾ ਤੋੜੇ ਬਿਨਾ ਪੰਜਾਬ ਦੀ ਸਿਆਸਤ ਵਿੱਚ ਥਾਂ ਬਣਾਉਣਾ ਔਖਾ ਹੈ।


ਅਕਾਲੀ ਦਲ ਵਿੱਚੋਂ ਹੁਣੇ ਹੀ ਮੁਅੱਤਲ ਕੀਤੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਐਸਜੀਪੀਸੀ ਚੋਣਾਂ ਕਰਾਉਣ ਦਾ ਮੁੱਦਾ ਚੁੱਕਿਆ ਹੈ। ਉਹ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਸੀਨੀਅਰ ਵਕੀਲ ਐਚਐਸ ਫੂਲਕਾ ਵੀ ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਾਉਣ ਲਈ ਡਟੇ ਹੋਏ ਹਨ।

ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਐਸਜੀਪੀਸੀ ਦੇ ਚੋਣ ਅਫ਼ਸਰ ਲਾਉਣ ਦੀ ਮੰਗ ਕੀਤੀ ਜਾਵੇਗੀ। ਦੱਸ ਦਈਏ ਕਿ 2011 ਤੋਂ ਬਾਅਦ ਐਸਜੀਪੀਸੀ ਦੀ ਚੋਣ ਨਹੀਂ ਹੋਈ। ਸਹਿਜਧਾਰੀ ਵੋਟਰਾਂ ਦਾ ਮਾਮਲਾ ਅਦਾਲਤ ਵਿੱਚ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰ ਵੀ ਨਹੀਂ ਚੁਣੇ ਜਾ ਰਹੇ ਸੀ। ਹੁਣ ਇਸ ਕੇਸ ਦਾ ਨਿਬੇੜਾ ਹੋ ਚੁੱਕਾ ਹੈ।

ਦੱਸ ਦਈਏ ਟਕਸਾਲੀ ਲੀਡਰ ਦੂਜੇ ਅਕਾਲੀ ਦਲਾਂ ਦੇ ਲੀਡਰਾਂ ਨਾਲ ਮਿਲ ਕੇ ਇੱਕ ਮੰਚ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੰਚ 'ਤੇ ਲੋਕ ਇਨਸਾਫ ਪਾਰਟੀ ਦੇ ਲੀਡਰ ਬੈਂਸ ਭਰਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ। ਜੇਕਰ ਇਹ ਮੰਚ ਹੋਰ ਵਿੱਚ ਆਉਂਦਾ ਹੈ ਤਾਂ ਧਾਰਮਿਕ ਫਰੰਟ 'ਤੇ ਅਕਾਲੀ ਦਲ ਬਾਦਲ ਨੂੰ ਚੁਣੌਤੀ ਮਿਲ ਸਕਦੀ ਹੈ।