ਸਕਾਲਰਸ਼ਿਪ ਘੁਟਾਲੇ ਨੂੰ ਬੇਨਕਾਬ ਕਰਨ ਵਾਲੇ ਅਫ਼ਸਰ ਨੂੰ ਖੁੱਡੇ ਲਾਉਣਾ ਸ਼ਰਮਨਾਕ: ਸੁਖਬੀਰ ਬਾਦਲ
ਏਬੀਪੀ ਸਾਂਝਾ | 29 Sep 2020 08:49 PM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਲਈ ਕਲੀਨ ਚਿੱਟ ਹਾਸਲ ਕਰਨ ਵਾਲੇ ਅਫਸਰ ਨੂੰ ਸਮਾਜ ਭਲਾਈ ਵਿਭਾਗ ਦਾ ਪ੍ਰਮੁੱਖ ਸਕੱਤਰ ਤਾਇਨਾਤ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ।
ਸੰਗਰੂਰ/ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਲਈ ਕਲੀਨ ਚਿੱਟ ਹਾਸਲ ਕਰਨ ਵਾਲੇ ਅਫਸਰ ਨੂੰ ਸਮਾਜ ਭਲਾਈ ਵਿਭਾਗ ਦਾ ਪ੍ਰਮੁੱਖ ਸਕੱਤਰ ਤਾਇਨਾਤ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਬਾਦਲ ਨੇ ਕਿਹਾ ਕਿ "ਯਾਦ ਰਹੇ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੇ 64 ਕਰੋੜ ਰੁਪਏ ਦਾ ਐਸ ਸੀ ਸਕਾਲਰਸ਼ਿਪ ਘੁਟਾਲਾ ਕੀਤਾ ਹੈ।" ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਘੁਟਾਲੇ ਨੂੰ ਬੇਨਕਾਬ ਕਰਨ ਵਾਲੇ ਐਡੀਸ਼ਨਲ ਚੀਫ ਸੈਕਟਰੀ ਕ੍ਰਿਪਾ ਸ਼ੰਕਰ ਸਰੋਜ, ਜਿਹਨਾਂ ਨੇ ਐਸ ਸੀ ਭਲਾਈ ਮੰਤਰੀ ਨੂੰ ਦੋਸ਼ੀ ਠਹਿਰਾਇਆ ਸੀ, ਦਾ ਤਬਾਦਲਾ ਕਰਕੇ ਉਹਨਾਂ ਨੂੰ ਖੁੱਡੇ ਲਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਕਾਂਗਰਸ ਸਰਕਾਰ ਦਲਿਤ ਵਿਰੋਧੀ ਹੈ। ਬਾਦਲ ਨੇ ਅੱਗੇ ਕਿਹਾ ਕਿ ਇਹ ਦਲਿਤ ਵਿਦਿਆਰਥੀਆਂ, ਜੋ ਮੰਤਰੀਆਂ ਤੇ ਉਹਨਾਂ ਦੇ ਟੋਲੇ ਵੱਲੋਂ ਕੀਤੀ ਲੁੱਟ ਦਾ ਖਮਿਆਜ਼ਾ ਭੁਗਤ ਰਹੇ ਹਨ, ਨੂੰ ਨਿਆਂ ਦੇਣ ਦੀ ਥਾਂ ਭ੍ਰਿਸ਼ਟ ਮੰਤਰੀ ਦਾ ਬਚਾਅ ਕਰ ਰਹੀ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਫਸਰਾਂ ਨੂੰ ਭ੍ਰਿਸ਼ਟ ਮੰਤਰੀਆਂ ਦੇ ਪਾਪ ਧੋਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਧਰਮਸੋਤ ਨੂੰ ਇਹ ਕਹਿ ਕੇ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ 39 ਕਰੋੜ ਰੁਪਏ ਦਾ ਉਹਨਾਂ ਨੇ ਘੁਟਾਲਾ ਕੀਤਾ ਹੈ, ਅਸਲ ਵਿਚ ਉਹ ਕੁਝ ਸੰਸਥਾਵਾਂ ਨੂੰ ਦਿੱਤੇ ਗਏ ਹਨ ਜਿਹਨਾਂ ਵਿਚੋਂ ਕੁਝ ਕਾਂਗਰਸੀ ਆਗੂਆਂ ਦੀਆਂ ਹਨ। ਉਹਨਾਂ ਕਿਹਾ ਕਿ ਹੁਣ ਦਲਿਤ ਵਿਦਿਆਰਥੀ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜਾਂ ਵਿਚ ਖੱਜਲ ਖੁਆਰ ਹੋ ਰਹੇ ਹਨ ਕਿਉਂਕਿ ਇਹਨਾਂ ਨੇ ਉਹਨਾਂ ਦੀਆਂ ਡਿਗਰੀਆਂ ਦੇਣ ਤੋਂ ਨਾਂਹ ਕਰ ਦਿੱਤੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਇਹਨਾਂ ਸੰਸਥਾਵਾਂ ਨੂੰ ਸਕਾਲਰਸ਼ਿਪ ਫੀਸ ਨਹੀਂ ਦਿੱਤੀ।