ਜਲੰਧਰ: ਨਵੀਂ ਪਾਰਟੀ ਦਾ ਐਲਾਨ ਕਰਦਿਆਂ ਹੀ ਸੁਖਪਾਲ ਖਹਿਰਾ ਨੂੰ ਪਹਿਲਾ ਚੈਲੰਜ ਅਕਾਲੀ ਦਲ ਦੀ ਲੀਡਰ ਬੀਬੀ ਜਗੀਰ ਕੌਰ ਨੇ ਦਿੱਤਾ। ਉਨ੍ਹਾਂ ਕਿਹਾ ਕਿ ਖਹਿਰਾ ਲੋਕ ਸਭਾ ਚੋਣਾਂ ਦਾ ਬਾਅਦ ਵਿੱਚ ਸੋਚਣ ਪਹਿਲਾਂ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਮੇਰੇ ਖਿਲਾਫ ਚੋਣ ਲੜ ਕੇ ਵਿਖਾਉਣ।

ਯਾਦ ਰਹੇ ਖਹਿਰਾ ਨੇ ਅੱਜ ਆਪਣੀ ਨਵੀਂ ਪਾਰਟੀ ਪੰਜਾਬੀ ਏਕਤਾ ਪਾਰਟੀ ਬਣਾਈ ਹੈ। ਇਸ ਦੇ ਨਾਲ ਹੀ ਚਰਚਾ ਹੈ ਕਿ ਉਹ ਬਠਿੰਡਾ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜ ਸਕਦੇ ਹਨ। ਇਸ ਬਾਰੇ ਅਕਾਲੀ ਦਲ ਦੀ ਲੀਡਰ ਜਗੀਰ ਕੌਰ ਦਾ ਕਹਿਣਾ ਹੈ ਕਿ ਖਹਿਰਾ ਪਹਿਲਾਂ ਉਨ੍ਹਾਂ ਖਿਲਾਫ ਚੋਣ ਲੜ ਕੇ ਵਿਖਾਉਣ।

ਜਗੀਰ ਕੌਰ ਨੇ ਕਿਹਾ ਕਿ ਸੁਖਪਾਲ ਖਹਿਰਾ ਕਾਂਗਰਸ ਪਾਰਟੀ ਦਾ ਏਜੰਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭੁਲੱਥ ਤੋਂ ਖਹਿਰਾ ਨੂੰ ਕਾਂਗਰਸ ਪਾਰਟੀ ਨੇ ਹੀ ਜਿਤਾਇਆ ਸੀ। ਜਗੀਰ ਕੌਰ ਨੇ ਕਿਹਾ ਕਿ ਖਹਿਰਾ ਨੂੰ ਜ਼ਮੀਨੀ ਹਕੀਕਤ ਪੰਚਾਇਤੀ ਚੋਣਾਂ ਵਿੱਚ ਪਤਾ ਲੱਗ ਚੁੱਕੀ ਹੈ। ਇਨ੍ਹਾਂ ਚੋਣਾਂ ਵਿੱਚ ਖਹਿਰਾ ਦੀ ਭਰਜਾਈ ਤੱਕ ਹਾਰ ਗਈ ਸੀ।