ਜਲੰਧਰ: ਜ਼ਿਲ੍ਹੇ ਦੇ ਹਲਕੇ ਭੁਲੱਥ ਦੇ ਪਿੰਡ ਬੇਗੋਵਾਲ ਵਿੱਚ ਬੀਬੀ ਜਗੀਰ ਕੌਰ ਨੇ ਪੰਚਾਇਤੀ ਚੋਣਾਂ 'ਤੇ ਟਿੱਪਣੀਆਂ ਕੀਤੀਆਂ। ਇਸ ਦੌਰਾਨ ਜਿੱਥੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਮੁਖੀ ਨੇ ਸਰਪੰਚ ਚੁਣਨ ਮੌਕੇ ਸਦਭਾਵਨਾ ਦਿਖਾਉਣ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਅਪੀਲ ਕੀਤੀ, ਉੱਥੇ ਹੀ ਆਪਣੇ ਸਿਆਸੀ ਵਿਰੋਧੀ ਸੁਖਪਾਲ ਖਹਿਰਾ 'ਤੇ ਵੀ ਨਿਸ਼ਾਨੇ ਲਾਏ।


ਜਗੀਰ ਕੌਰ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ਾਂਤੀ ਨਾਲ ਵੋਟਾਂ ਪੈਣਗੀਆਂ ਤਾਂ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਚੋਣਾਂ ਦੌਰਾਨ ਹਿੰਸਾ ਦੀਆਂ ਖ਼ਬਰਾਂ 'ਤੇ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਜੇ ਪੰਚਾਇਤਾਂ ਵਿੱਚ ਹੀ ਝਗੜੇ ਹੋ ਗਏ ਤਾਂ ਸਾਡਾ ਸਮਾਜ ਖ਼ਤਮ ਹੋ ਜਾਵੇਗਾ। ਲੋਕਾਂ ਨੂੰ ਚੰਗਾ ਤੇ ਇਮਾਨਦਾਰ ਪਿੰਡ ਦਾ ਸਰਪੰਚ ਚੁਣਨਾ ਚਾਹੀਦਾ ਹੈ।

ਜਿੱਥੇ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਮੌਜੂਦਾ ਸਰਕਾਰ 'ਤੇ ਯੂਪੀ ਬਿਹਾਰ ਵਾਂਗ ਚੋਣਾਂ ਦੌਰਾਨ ਧੱਕੇਸ਼ਾਹੀ ਤੇ ਗੁੰਡਾਗਰਦੀ ਕੀਤੇ ਜਾਣ ਦੀ ਗੱਲ ਕਹੀ, ਉੱਥੇ ਹੀ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਨੇ ਮਾਮੂਲੀ ਧੱਕੇਸ਼ਾਹੀ ਕੀਤੀ ਤੇ ਅਸੀਂ ਬਰਦਾਸ਼ਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਲੋਕਾਂ ਦਾ ਨਾਂ ਉਨ੍ਹਾਂ ਦੇ ਪਿੰਡ ਦੀ ਵੋਟ ਲਿਸਟ ਵਿੱਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ 27 ਹਜ਼ਾਰ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ। ਧੱਕੇ ਖਿਲਾਫ ਲੋਕੀਂ ਉੱਠ ਖਲੋਂਦੇ ਨੇ, ਸਰਪੰਚੀ ਨਾਲ ਕੁਝ ਫਰਕ ਨਹੀਂ ਪੈਂਦਾ।

ਜਗੀਰ ਕੌਰ ਨੇ ਆਪਣੇ ਸਿਆਸੀ ਵਿਰੋਧੀ ਸੁਖਪਾਲ ਖਹਿਰਾ 'ਤੇ ਵੀ ਖ਼ੂਬ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਹੁਣ ਆਪਣੇ ਪਿੰਡ ਦੇ ਪੋਲਿੰਗ ਏਜੰਟ ਜੋਗੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖਹਿਰਾ ਨਾਲ ਕੋਈ ਨਫਰਤ ਨਹੀਂ, ਭਾਵੇਂ ਉਸ ਨੇ ਧੱਕੇ ਕੀਤੇ। ਜਗੀਰ ਕੌਰ ਨੇ ਕਿਹਾ ਕਿ ਖਹਿਰਾ ਨੇ ਮੇਰੀ ਜ਼ਿੰਦਗੀ ਖ਼ਤਮ ਕਰਨੀ ਚਾਹੀ ਪਰ ਮੈਂ ਉਹਦਾ ਭਲਾ ਮੰਗਦੀ ਹਾਂ। ਉਨ੍ਹਾਂ ਕਿਹਾ ਕਿ ਉਹ ਆਸਵੰਦ ਹਨ ਕਿ ਖਹਿਰਾ ਦੀ ਬੋਲੀ ਵਿੱਚ ਮਿਠਾਸ ਆ ਜਾਵੇ।