ਫ਼ਿਰੋਜ਼ਪੁਰ: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਤਣਾਅਪੂਰਨ ਹੋ ਚੁੱਕਾ ਹੈ। ਕਿਤੇ ਝੜਪ ਤੇ ਕਿਤੇ ਪੋਲਿੰਗ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਅੱਗਜ਼ਨੀ ਹੋਈ ਤੇ ਹਿੰਸਕ ਝੜਪ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ, ਗੁਰਦਾਸਪੁਰ ਦੇ ਪਿੰਡ ਧਾਰੋਵਾਲੀ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪਰਿਵਾਰ ਸਮੇਤ ਵੋਟ ਪਾਈ ਤੇ ਵਿਰੋਧੀਆਂ ਵੱਲੋਂ ਧੱਕੇਸ਼ਾਹੀ ਦੇ ਇਲਜ਼ਮਾਂ ਨੂੰ ਨਕਾਰ ਦਿੱਤਾ।

ਤਾਜ਼ਾ ਘਟਨਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਹਿਠਾੜ ਵਿੱਚ ਪੋਲਿੰਗ ਬੂਥ 'ਤੇ ਬਦਮਾਸ਼ਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦ ਸੁਰੱਖਿਆ ਬਲਾਂ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਝੜਪ ਹੋ ਗਈ ਤੇ ਇਸੇ ਦੌਰਾਨ ਕਿਸੇ ਬਦਮਾਸ਼ ਨੇ ਬੈਲੇਟ ਬਾਕਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਦੇ ਪੋਲਿੰਗ ਬੂਥ ਵਿੱਚ ਦੋ ਕਾਂਗਰਸੀ ਗੁਟ ਹੀ ਆਪਸ ਵਿੱਚ ਭਿੜ ਗਏ ਤੇ ਉਨ੍ਹਾਂ ਭੰਨ-ਤੋੜ ਤੇ ਅੱਗਜ਼ਨੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਮੌਜੂਦ ਮਹਿਲਾ ਵੋਟਰ ਨੇ ਕਿਹਾ ਕਿ ਗੁੰਡਿਆਂ ਨੇ ਆਪਣੇ ਰਿਸ਼ਤੇਦਾਰ ਨੂੰ ਸੱਟਾਂ ਮਾਰੀਆਂ ਅਤੇ ਉਨ੍ਹਾਂ ਦੀ ਮੌਤ ਹੋ ਜਾਣ ਦਾ ਵੀ ਦਾਅਵਾ ਕੀਤਾ। ਫਿਲਹਾਲ ਹਿੰਸਾ ਕਰਨ ਵਾਲੇ ਤੇ ਮ੍ਰਿਤਕ ਦੀ ਸ਼ਨਾਖ਼ਤ ਹੋਣੀ ਬਾਕੀ ਹੈ।

ਪੋਲਿੰਗ ਪਾਰਟੀ ਨੇ ਤੁਰੰਤ ਵੋਟਿੰਗ ਰੋਕ ਦਿੱਤੀ ਤੇ ਬਾਹਰ ਭੱਜ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਵੱਜੀਆਂ। ਫਿਲਹਾਲ ਇੱਥੇ ਵੋਟਿੰਗ ਨਹੀਂ ਕਰਵਾਈ ਜਾ ਰਹੀ ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਉੱਧਰ, ਤਰਨ ਤਾਰਨ ਤੇ ਮਜੀਠਾ ਹਲਕਿਆਂ ਵਿੱਚ ਵੀ ਪੰਚਾਇਤੀ ਚੋਣਾਂ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਬਟਾਲਾ ਵਿੱਚ ਵੀ ਕਾਂਗਰਸ ਦੇ ਹੀ ਦੋ ਧੜੇ ਭਿੜ ਗਏ ਤੇ ਦੋ ਜਣੇ ਜ਼ਖ਼ਮੀ ਹੋ ਗਏ ਤੇ ਚਾਰਾਂ ਦੀਆਂ ਪੱਗਾਂ ਵੀ ਲੱਥ ਗਈਆਂ।