ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਹਾਲ ਹੀ ਵਿੱਚ ਅਕਾਲੀ ਦਲ 'ਚ ਸ਼ਾਮਲ ਹੋਏ ਸੀਨੀਅਰ ਲੀਡਰ ਜਗਮੀਤ ਬਰਾੜ ਬਾਰੇ ਨਵਾਂ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬਰਾੜ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਸੀ ਪਰ ਲੋਕ ਉਨ੍ਹਾਂ ਨੂੰ 'ਚੱਕਵਾਂ ਚੁੱਲ੍ਹਾ' ਕਹਿੰਦੇ ਹਨ, ਇਸ ਕਰਕੇ ਪਾਰਟੀ ਵੱਲੋਂ ਉਨ੍ਹਾਂ ਨੂੰ ਜ਼ਿਆਦਾ ਗੌਲ਼ਿਆ ਨਹੀਂ ਗਿਆ।


ਇਸ ਦੌਰਾਨ ਮਾਨ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ ਪਰ ਹਾਲੇ ਤਕ ਹਰਸਿਮਰਤ ਕੌਰ ਬਾਦਲ ਦਾ ਕੁਝ ਪਤਾ ਨਹੀਂ ਕਿ ਉਹ ਕਿੱਥੋਂ ਚੋਣ ਲੜਨਗੇ। ਇਸ ਦੇ ਨਾਲ ਹੀ ਕੈਪਟਨ ਵੱਲੋਂ ਸ਼ੁਰੂ ਕੀਤੀ ਚੌਪਾਲ ਬਾਰੇ ਕਿਹਾ ਕਿ ਹੁਣ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ 'ਕਾਫ਼ੀ ਵਿਦ ਕੈਪਟਨ' ਦੌਰਾਨ ਵੀ ਇਸੇ ਤਰ੍ਹਾਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ ਜੋ ਹਾਲੇ ਤਕ ਪੂਰੇ ਨਹੀਂ ਹੋਏ।

ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੇ ਜਾਣ 'ਤੇ ਸੰਗਰੂਰ ਵਿੱਚ ਹੋ ਰਹੇ ਕਲੇਸ਼ ਸਬੰਧੀ ਮਾਨ ਨੇ ਕਿਹਾ ਕਿ ਜਸਵਿੰਦਰ ਧੀਮਾਨ ਲੰਮੇ ਸਮੇਂ ਤੋਂ ਪਾਰਟੀ ਵਿੱਚ ਮਿਹਨਤ ਕਰ ਰਹੇ ਸਨ। ਕਾਇਦੇ ਨਾਲ ਉਨ੍ਹਾਂ ਦਾ ਨੰਬਰ ਹੀ ਪਹਿਲਾਂ ਆਉਣਾ ਚਾਹੀਦਾ ਸੀ ਪਰ ਪੈਸਿਆਂ ਦੇ ਚੱਲਦਿਆਂ ਤੇ ਕੈਪਟਨ ਨਾਲ ਨਜ਼ਦੀਕੀ ਹੋਣ ਕਰਕੇ ਢਿੱਲੋਂ ਨੂੰ ਟਿਕਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਧੀਮਾਨ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਣ ਕਰਕੇ ਵੱਡੇ-ਵੱਡੇ ਇਲਜ਼ਾਮ ਲਾ ਰਹੇ ਹਨ।