ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਪਟਿਆਲਾ ਪਹੁੰਚੇ ਜਿੱਥੇ ਉਨ੍ਹਾਂ ਪਰਨੀਤ ਕੌਰ 'ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਮਹਾਰਾਣੀ ਪਰਨੀਤ ਕੌਰ ਨਹੀਂ, ਬਲਕਿ ਡਾ. ਧਰਮਵੀਰ ਗਾਂਧੀ ਨਾਲ ਹੈ। ਉਨ੍ਹਾਂ ਕਿਹਾ ਕਿ ਪਰਨੀਤ ਕੌਰ ਬੁਰੀ ਤਰ੍ਹਾਂ ਹਾਰਨਗੇ ਤੇ ਤੀਜੇ ਨੰਬਰ 'ਤੇ ਰਹਿ ਜਾਣਗੇ।

ਦਰਅਸਲ, ਅੱਜ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼ਰਨਜੀਤ ਸਿੰਘ ਜੋਗੀਪੁਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣ ਲਈ ਪਟਿਆਲਾ ਪਹੁੰਚੇ ਸਨ। ਉਨ੍ਹਾਂ ਜੋਗੀਪੁਰ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਸਿਰੋਪਾ ਭੇਟ ਕੀਤਾ। ਜੋਗੀਪੁਰ ਆਪਣੇ ਸੈਂਕੜੇ ਸਾਥੀਆਂ ਸਮੇਤ ਸੁਰਜੀਤ ਸਿੰਘ ਰੱਖੜਾ ਦੇ ਘਰ ਪਹੁੰਚੇ ਸਨ। ਇੱਥੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਜੰਮ ਕੇ ਭੜਾਸ ਕੱਢੀ।

ਇਸ ਮੌਕੇ ਸ਼ਰਨਜੀਤ ਸਿੰਘ ਜੋਗੀਪੁਰ ਨੇ ਕਿਹਾ ਕਿ ਕਾਂਗਰਸ ਕਦੀ ਵਰਕਰਾਂ ਨੂੰ ਮਾਣ-ਸਨਮਾਨ ਨਹੀਂ ਦੇ ਸਕਦੀ ਤੇ ਨਾ ਹੀ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਕੋਈ ਫਾਇਦਾ ਮਿਲਦਾ ਹੈ। ਇਸੇ ਲਈ ਉਹ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਤੇ ਕੰਮ ਵੇਖ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਦੋ ਸਾਲਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਆਪਣੇ ਇਲਾਕੇ ਵਿੱਚ ਨਹੀਂ ਆਏ, ਇਸ ਲਈ ਪੰਜਾਬ ਦੇ ਮੁੱਖ ਮੰਤਰੀ ਫੇਲ੍ਹ ਹਨ। ਕੁੰਵਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਲਈ ਲਾਏ ਧਰਨਾ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਮਿਲੇ ਹੋਏ ਸਨ ਇਸੇ ਲਈ ਉਨ੍ਹਾਂ ਨੂੰ ਹੁਣ ਮਿਰਚਾਂ ਲੱਗ ਰਹੀਆਂ ਹਨ।