ਚੰਡੀਗੜ੍ਹ: ਲੋਕ ਸਭਾ ਚੋਣਾਂ ਦੀ ਤਿਆਰੀਆਂ ਵਿੱਚ ਪੰਜਾਬ ਕਾਂਗਰਸ ਵੀ ਜੁਟ ਗਈ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਬੈਠਕ ਕੀਤੀ ਅਤੇ ਹਲਕਿਆਂ ਦੇ ਕੋਆਰਡੀਨੇਟਰ ਥਾਪੇ। ਇਸ ਉਪਰੰਤ ਉਨ੍ਹਾਂ ਸੰਗਰੂਰ ਲੋਕ ਸਭਾ ਹਲਕੇ ਦੇ ਦੋ ਵੱਡੇ ਕਾਂਗਰਸੀ ਨੇਤਾਵਾਂ ਦਰਮਿਆਨ ਜਾਰੀ ਸ਼ਬਦੀ ਜੰਗ 'ਤੇ ਵੀ ਟਿੱਪਣੀ ਕੀਤੀ।

ਜਾਖੜ ਨੇ ਕਿਹਾ ਕਿ ਵਿਜੇਇੰਦਰ ਸਿੰਗਲਾ ਅਤੇ ਸੁਰਜੀਤ ਧੀਮਾਨ ਦਰਮਿਆਨ ਜਾਰੀ ਸ਼ਬਦੀ ਜੰਗ ਸਿਰਫ ਅੰਤਰਿਮ ਪੱਧਰ 'ਤੇ ਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਨੇਤਾ ਚੋਣਾਂ ਵਿੱਚ ਪਾਰਟੀ ਲਈ ਕੰਮ ਕਰਨਗੇ। ਜਾਖੜ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ ਅਤੇ ਇਹ ਮਹਿਜ਼ ਅੰਤਰਿਮ ਵਿਰੋਧ ਹੋ ਸਕਦਾ ਹੈ, ਜਦਕਿ ਪਾਰਟੀ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ।

ਬੈਠਕ ਮਗਰੋਂ ਪ੍ਰੈਸ ਕਾਨਫਰੰਸ ਵਿੱਚ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਵਰਕਰਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਇਆ ਸੀ, ਉਸੇ ਤਰ੍ਹਾਂ ਕਾਂਗਰਸ ਪਾਰਟੀ ਹੁਣ ਇਨ੍ਹਾਂ ਕਾਲੇ ਅੰਗਰੇਜ਼ਾਂ ਤੋਂ ਦੇਸ਼ ਨੂੰ ਮੁਕਤ ਕਰਵਾਏਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਾਨਾਸ਼ਾਹੀ ਦਾ ਮਾਹੌਲ ਚੱਲ ਰਿਹਾ ਹੈ, ਇਸ ਤੋਂ ਦੇਸ਼ ਦਾ ਛੁਟਕਾਰਾ ਹੋਣਾ ਲਾਜ਼ਮੀ ਹੈ।