ਅੰਮ੍ਰਿਤਸਰ: ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋਂ ਬੀਤੀ ਰਾਤ ਹਵਾਲਾਤੀਆਂ ਦੇ ਫਰਾਰ ਹੋਣ ਤੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਜੇਲ੍ਹ ਵਿੱਚ ਤਾਇਨਾਤ ਸੱਤ ਜੇਲ੍ਹ ਮੁਲਾਜ਼ਮਾਂ ਨੂੰ ਤੁਰੰਤ ਕਾਰਵਾਈ ਕਰਕੇ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿੱਚ ਦੋ ਅਸਿਸਟੈਂਟ ਜੇਲ੍ਹ ਸੁਪਰਡੈਂਟ, ਚਾਰ ਵਾਰਡਨ ਤੇ ਇੱਕ ਹੋਮਗਾਰਡ ਦਾ ਜਵਾਨ ਸ਼ਾਮਲ ਹੈ। ਜਦਕਿ ਤਿੰਨ ਜੇਲ੍ਹ ਮੁਲਾਜ਼ਮਾਂ ਖਿਲਾਫ ਵਿਭਾਗ ਕਾਨੂੰਨੀ ਕਾਰਵਾਈ ਵੀ ਕਰਨ ਜਾ ਰਿਹਾ ਹੈ।
ਅੱਜ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਨਿਰੀਖਣ ਕਰਨ ਦੇ ਲਈ ਪਹੁੰਚੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਫ਼ਰਾਰ ਹੋਏ ਤਿੰਨਾਂ ਹਵਾਲਾਤੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਕੇਂਦਰੀ ਜੇਲ ਅੰਮ੍ਰਿਤਸਰ ਦੇ ਵਿੱਚੋਂ ਬੀਤੀ ਰਾਤ ਕੰਧ ਤੋੜ ਕੇ ਫਰਾਰ ਹੋਏ ਤਿੰਨ ਹਵਾਲਾਤੀਆਂ ਦਾ ਸੁਰਾਗ ਲੱਭਣ ਵਿੱਚ ਜੇਲ੍ਹ ਪੁਲਿਸ ਤੇ ਅੰਮ੍ਰਿਤਸਰ ਪੁਲੀਸ ਹਾਲੇ ਤੱਕ ਨਾਕਾਮ ਸਾਬਤ ਹੋਈ ਹੈ।