ਜਲੰਧਰ: ਸ਼ਹਿਰ ਦੇ ਹੀ ਰਹਿਣ ਵਾਲੇ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਦੇ ਨੌਜਵਾਨ ਪੁੱਤਰ ਦਾ ਅਮਰੀਕਾ ਵਿੱਚ ਕਤਲ ਕੀਤੇ ਜਾਣ ਦੀ ਖ਼ਬਰ ਹੈ। ਨੌਜਵਾਨ ਦਾ ਨਾਂ ਸੰਦੀਪ ਸਿੰਘ ਸੀ ਜੋ ਜਲੰਧਰ ਦੀ ਨਿਊ ਡਿਫੈਂਸ ਕਾਲੋਨੀ ਵਿੱਚ ਰਹਿੰਦਾ ਸੀ। ਭਾਰਤੀ ਸਮੇਂ ਮੁਤਾਬਕ਼ ਸੋਮਵਾਰ ਸਵੇਰ ਕਰੀਬ 10 ਵਜੇ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵਿੱਚ ਬਤੌਰ ਹੈੱਡ ਕਾਂਸਟੇਬਲ ਸੇਵਾ ਨਿਭਾਅ ਰਹੇ ਬਲਵਿੰਦਰ ਸਿੰਘ ਦੇ ਪੁੱਤਰ ਨੂੰ ਲੁੱਟ-ਖੋਹ ਦੀ ਘਟਨਾ ਦੌਰਾਨ ਮੌਤ ਦਾ ਸ਼ਿਕਾਰ ਹੋਣਾ ਪਿਆ। ਸੰਦੀਪ ਸਿੰਘ ਨੂੰ ਮਿਸੀਸਿੱਪੀ ਸੂਬੇ ਦੇ ਜੈਕਸਨ ਸ਼ਹਿਰ ਵਿੱਚ ਕਤਲ ਕੀਤਾ ਗਿਆ। ਲੁਟੇਰਿਆਂ ਨੇ ਸੰਦੀਪ ਤੋਂ ਉਸ ਕੋਲ ਮੌਜੂਦ ਨਕਦੀ ਤੇ ਮੋਬਾਈਲ ਆਦਿ ਖੋਹਣਾ ਚਾਹਿਆ ਸੀ। ਇਸ ਦੌਰਾਨ ਉਨ੍ਹਾਂ ਸੰਦੀਪ 'ਤੇ ਗੋਲ਼ੀ ਚਲਾ ਦਿੱਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਸੰਦੀਪ ਸਿੰਘ ਤਕਰੀਬਨ ਸਾਢੇ 3 ਵਰ੍ਹੇ ਪਹਿਲਾਂ ਅਮਰੀਕਾ ਗਿਆ ਸੀ। ਉਹ ਅਮਰੀਕਾ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਸਟੋਰ ਵਿੱਚ ਕੰਮ ਕਰਦਾ ਸੀ।