ਫ਼ਿਰੋਜ਼ਪੁਰ: ਘਰ ਦਾ ਚਿਰਾਗ਼ ਬੁੱਝ ਜਾਵੇ ਤਾਂ ਮਾਪਿਆਂ ਲਈ ਇਸ ਤੋਂ ਮਾੜਾ ਕੀ ਹੋਵੇਗਾ ਪਰ ਜੇਕਰ ਜਵਾਨ ਪੁੱਤਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾ ਖਾਣੀਆਂ ਪੈਣ ਤਾਂ ਮਾਪਿਆਂ ਦੀ ਕਿੰਨੀ ਦੁਰਦਸ਼ਾ ਹੋਈ ਹੋਵੇਗੀ। ਜੀ ਹਾਂ! ਅਜਿਹੀ ਇੱਕ ਘਟਨਾ ਫ਼ਿਰੋਜ਼ਪੁਰ ਵਿੱਚ ਵਾਪਰੀ, ਜਿੱਥੇ ਪੁਲਿਸ ਮੁਲਾਜ਼ਮ ਦੇ ਲੜਕੇ ਕਮਲਜੀਤ ਸਿੰਘ ਦੀ ਬੀਤੇ ਦਿਨ ਭੇਤਭਰੀ ਹਾਲਤ ਵਿੱਚ ਮੌਤ ਹੋਣ 'ਤੇ ਲਾਸ਼ ਦੇ ਪੋਸਟਮਾਰਟਮ ਲਈ ਖੱਜਲ-ਖ਼ੁਆਰ ਹੋਣਾ ਪਿਆ। ਜਦੋਂ ਕਿਸੇ ਨਾ ਸੁਣੀ ਤਾਂ ਹਾਰ ਕੇ ਮਾਪਿਆਂ ਨੂੰ ਲਾਸ਼ ਸੜਕ ’ਤੇ ਰੱਖ ਕੀਤਾ ਰੋਸ ਪ੍ਰਦਰਸ਼ਨ ਕਰਨਾ ਪਿਆ। ਰੋਹ ਵਿੱਚ ਆਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਿੱਥੇ ਉਨ੍ਹਾਂ ਦਾ ਲੜਕਾ ਭਰ ਜਵਾਨੀ ਵਿੱਚ ਉਨ੍ਹਾਂ ਤੋਂ ਦੂਰ ਹੋ ਗਿਆ ਹੈ, ਉੱਥੇ ਪੋਸਟ ਮਾਰਟਮ ਲਈ ਖੱਜਲ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਸੀ ਪਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਡਾਕਟਰਾਂ ਵੱਲੋਂ ਫ਼ਰੀਦਕੋਟ ਲਿਜਾਣ ਲਈ ਕਿਹਾ, ਜਦੋਂਕਿ ਫ਼ਰੀਦਕੋਟ ਵਾਲਿਆਂ ਫ਼ਿਰੋਜ਼ਪੁਰ ਤੋਂ ਹੀ ਪੋਸਟ ਮਾਰਟਮ ਕਰਵਾਉਣ ਦੀ ਗੱਲ ਕਹਿੰਦਿਆਂ ਮ੍ਰਿਤਕ ਦੇਹ ਨੂੰ ਵਾਪਸ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਪੁਲਿਸ ਮੁਲਾਜ਼ਮ ਹੈ, ਪਰ ਫਿਰ ਵੀ ਉਨ੍ਹਾਂ ਨੂੰ ਨਾਜਾਇਜ਼ ਦੀ ਖੱਜਲ ਖ਼ੁਆਰੀ ਵਿਚ ਪਾਇਆ ਜਾ ਰਿਹਾ ਹੈ। ਸਿਵਲ ਸਰਜਨ ਨੇ ਕਿਹਾ ਕਿ ਉੱਚ ਅਧਿਕਾਰੀਆਂ ਤੋਂ ਲਿਖਤੀ ਆਰਡਰ ਹੋਣ ਦੀ ਗੱਲ ਕਰਦਿਆਂ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਸਪਸ਼ਟ ਕੀਤਾ ਕਿ ਫ਼ਰੀਦਕੋਟ ਮੈਡੀਕਲ ਕਾਲਜ ਵਿੱਚ ਡਾਕਟਰਾਂ ਦੇ ਬੋਰਡ ਦੀ ਨਿਗਰਾਨੀ ਹੇਠ ਪੋਸਟ ਮਾਰਟਮ ਹੁੰਦਾ ਹੈ, ਜਿਸ ਕਰਕੇ ਮ੍ਰਿਤਕ ਦੇਹ ਨੂੰ ਉੱਥੇ ਭੇਜਿਆ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਪਹਿਲਾਂ ਵੀ ਫ਼ਰੀਦਕੋਟ ਤੋਂ ਹੀ ਪੋਸਟ ਮਾਰਟਮ ਹੁੰਦਾ ਹੈ ਤੇ ਇਸ ਦਾ ਵੀ ਉੱਥੇ ਪੋਸਟ ਮਾਰਟਮ ਹੋਣਾ ਚਾਹੀਦਾ ਸੀ। ਨੌਜਵਾਨ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋਣ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਲਾਸ਼ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਸੀ ਤੇ ਮਾਮਲੇ ਨੂੰ ਦੇਖਦਿਆਂ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।