ਜਲੰਧਰ: ਸ਼ਹਿਰ ਦੇ ਖੁਰਲਾ ਕਿੰਗਰਾ ਇਲਾਕੇ ਵਿੱਚ ਇੱਕ ਮਕਾਨ ਵਿੱਚੋਂ ਪੁਲਿਸ ਤੇ ਬੀ.ਐਸ.ਐਫ. ਨੇ ਸਰਚ ਦੌਰਾਨ 1 ਐਲ.ਐਮ.ਜੀ-10 ਮੈਗਜੀਨ ਤੇ 250 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਦੌਰਾਨ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਕਾਬਲੇਗੌਰ ਹੈ ਕਿ ਜਲੰਧਰ ਵਿੱਚ ਸਵੇਰੇ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਬੀ.ਐਸ.ਐਫ. ਤੇ ਪੁਲਿਸ ਦੀ ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਢਾਈ ਘੰਟੇ ਇੱਕ ਸਰਚ ਆਪਰੇਸ਼ਨ ਚੱਲਿਆ। ਇਸ ਦਾ ਮਕਸਦ 24 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਤੋਂ ਆਪਣੇ ਸਾਥੀ ਰਘੂਬੀਰ ਸਿੰਘ ਨੂੰ ਜ਼ਖਮੀ ਕਰ ਕੇ ਹਥਿਆਰ ਲੈ ਕੇ ਭੱਜੇ ਰਾਜੀਵ ਰੰਜਨ ਨੂੰ ਗ੍ਰਿਫਤਾਰ ਕਰਨਾ ਸੀ।
ਜਲੰਧਰ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਰਾਜੀਵ ਰੰਜਨ ਆਪਣੇ ਸਾਥੀ ਨੂੰ ਜ਼ਖਮੀ ਕਰ ਹਥਿਆਰ ਲੈ ਕੇ ਭੱਜਿਆ ਸੀ। ਇਸ ਦਾ ਮਾਮਲਾ ਥਾਣੇ ਵਿੱਚ ਦਰਜ ਹੋਇਆ ਸੀ। ਪੁਲਿਸ ਨੂੰ ਇਸ ਵਿਅਕਤੀ ਦੀ ਆਖਰੀ ਲੁਕੇਸ਼ਨ ਜਲੰਧਰ ਦੇ ਖੁਰਲਾ ਇਲਾਕੇ ਦੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਤੇ ਇੱਕ ਘਰ ਤੋਂ 1 ਐਲ.ਐਮ.ਜੀ., 10 ਮੈਗਜੀਨ ਤੇ 250 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਉਨ੍ਹਾਂ ਦੇ ਦੱਸਿਆ ਕਿ ਰਾਜੀਵ ਉੱਥੋਂ ਫਰਾਰ ਹੋ ਗਿਆ ਸੀ ਪਰ ਉਸ ਦਾ ਸਾਥੀ ਜੋ ਨਾਲ ਰਹਿੰਦਾ ਸੀ, ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਰਾਜੀਵ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਫੜੇ ਗਏ ਨੌਜਵਾਨ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦਾ ਕੀ ਰਾਜੀਵ ਕੌਣ ਹੈ। ਰਾਜੀਵ ਉਸ ਨੂੰ ਬੱਸ ਸਟੈਂਡ 'ਤੇ ਮਿਲਿਆ ਸੀ। ਮੈਂ ਉਸ ਨੂੰ ਘਰ ਇਸ ਲਈ ਲੈ ਆਇਆ ਕਿਉਂਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ। ਉਸ ਨੂੰ ਨਹੀਂ ਪਤਾ ਸੀ ਕਿ ਉਹ ਬੀ.ਐਸ.ਐਫ. ਤੋਂ ਭੱਜਿਆ ਹੋਇਆ ਹੈ।