ਜਲੰਧਰ: ਦਲਿਤ ਬੱਚਿਆਂ ਦੀ ਪੜ੍ਹਾਈ ਲਈ ਸ਼ੁਰੂ ਕੀਤੀ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਬੱਚਿਆਂ ਨੂੰ ਪੜ੍ਹਾ ਰਹੇ ਕਾਲਜ ਸੰਕਟ ਵਿੱਚ ਹਨ। ਕਾਲਜ ਆਪਣੇ ਪ੍ਰੋਫੈਸਰਾਂ ਨੂੰ ਤਨਖ਼ਾਹ ਵੀ ਨਹੀਂ ਦੇ ਪਾ ਰਹੇ। ਹਾਲਾਤ ਇਹ ਹਨ ਕਿ ਕੁਝ ਕਾਲਜਾਂ ਨੂੰ ਬੰਦ ਕਰਨ ਤਕ ਦੀ ਨੌਬਤ ਆ ਗਈ ਹੈ। ਜਲੰਧਰ ਵਿੱਚ ਇਕੱਠੇ ਹੋਏ ਕਈ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਸਰਕਾਰ ਤੋਂ ਮੰਗ ਹੈ ਕਿ ਫੰਡ ਦਿੱਤਾ ਜਾਵੇ ਤਾਂ ਜੋ ਉਹ ਬੱਚਿਆਂ ਨੂੰ ਪੜ੍ਹਾ ਸਕਣ। ਇਹ ਸਾਰੇ ਪ੍ਰਿੰਸੀਪਲ ਗ਼ੈਰ ਸਰਕਾਰੀ ਮਾਨਤਾ ਪ੍ਰਾਪਤ ਕਾਲਜ ਦੇ ਹਨ। ਇਨ੍ਹਾਂ ਕਾਲਜਾਂ ਦਾ ਕਰੋੜਾਂ ਰੁਪਏ ਸਰਕਾਰ ਕੋਲ ਬਕਾਇਆ ਹੈ। ਸਰਕਾਰ ਫੰਡ ਤਾਂ ਦੇ ਨਹੀਂ ਰਹੀ ਉਲਟਾ ਕਾਇਦੇ-ਕਾਨੂੰਨ ਅਜਿਹੇ ਬਣਾ ਦਿੱਤੇ ਹਨ ਕਿ ਇਹ ਪ੍ਰੇਸ਼ਾਨ ਹਨ। ਜਲੰਧਰ ਦੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਮਰਾ, ਨੇ ਕਿਹਾ ਕਿ ਜਲੰਧਰ ਦੇ ਕਾਲਜਾਂ ਦੇ 70-80 ਕਰੋੜ ਰੁਪਏ ਬਕਾਇਆ ਹਨ ਜਿਹੜੇ ਕਿ ਦਿੱਤੇ ਨਹੀਂ ਜਾ ਰਹੇ। ਆਖਰੀ ਤਿੰਨ ਸਾਲਾਂ ਵਿੱਚ ਤਾਂ ਇੱਕ ਰੁਪਏ ਵੀ ਨਹੀਂ ਦਿੱਤੇ ਗਏ। ਐਚਐਮਵੀ ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਸਰਕਾਰ, ਸਰਕਾਰ ਦੇ ਮੰਤਰੀ ਅਤੇ ਸਰਕਾਰਾਂ ਨਾਲ ਜੁੜੇ ਦਲਿਤ ਲੀਡਰਾਂ ਇਹ ਦਮ ਭਰਦੇ ਨਹੀਂ ਥੱਕਦੇ ਕਿ ਦਲਿਤ ਬੱਚਿਆਂ ਲਈ ਪੜਣਾ ਔਖਾ ਨਹੀਂ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੈ। ਇਸ ਵਾਰ ਸਰਕਾਰ ਨੇ ਨਿਯਮ ਬਣਾਇਆ ਹੈ ਕਿ ਸਕਾਲਰਸ਼ਿਪ ਬੱਚਿਆਂ ਦੇ ਖਾਤੇ ਵਿੱਚ ਆਵੇਗੀ ਪਰ ਆ ਨਹੀਂ ਰਹੀ। ਕਾਲਜ ਬੱਚਿਆਂ ਤੋਂ ਫੀਸ ਮੰਗਦੇ ਹਨ ਤਾਂ ਬੱਚੇ ਕਾਲਜ ਬਾਹਰ ਧਰਨਾ ਲਾ ਦਿੰਦੇ ਹਨ। ਐਸ.ਡੀ. ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਕਿਹਾ ਕਿ ਫੰਡ ਤਾਂ ਸਰਕਾਰ ਦੇ ਨਹੀਂ ਰਹੀ ਉਲਟਾ ਪੋਰਟਲ ਵਿੱਚ ਪ੍ਰਿੰਸੀਪਲਾਂ ਅਤੇ ਬੱਚਿਆਂ ਨੂੰ ਉਲਝਾਇਆ ਹੋਇਆ ਹੈ। ਪ੍ਰਿੰਸੀਪਲਾਂ ਮੁਤਾਬਿਕ ਤਾਂ ਇਹ ਪੂਰਾ ਸਿਸਟਮ ਹੀ ਠੀਕ ਨਹੀਂ ਹੈ। ਉੱਧਰ, ਬੁੱਧਵਾਰ ਨੂੰ ਸੁਲਤਾਨਪੁਰ ਆਏ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਇਸ ਦੇ ਜਲਦ ਹਲ ਦਾ ਭਰੋਸਾ ਦਿਵਾਇਆ ਸੀ।