ਜਲੰਧਰ: ਪੋਸਟ ਮੈਟ੍ਰਿਕ ਸਕੀਮ ਨੂੰ ਲੈ ਕੇ ਜਲੰਧਰ 'ਚ ਅੱਜ ਵਿਦਿਆਰਥੀਆਂ ਨੇ ਕਾਲਜ ਬਾਹਰ ਧਰਨਾ ਲਾ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਉਨ੍ਹਾਂ ਤੋਂ ਫੀਸ ਦੀ ਮੰਗ ਕਰ ਰਿਹਾ ਹੈ ਜੋ ਗ਼ਲਤ ਹੈ। ਧਰਨਾ ਦੇ ਰਹੀਆਂ ਲੜਕੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ।
ਜਲੰਧਰ ਦੇ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਤੋਂ ਕਾਲਜ ਫੀਸ ਮੰਗ ਰਿਹਾ ਹੈ। ਧਰਨੇ 'ਚ ਕਈ ਪਾਰਟੀਆਂ ਦੇ ਲੀਡਰ ਵੀ ਸ਼ਾਮਲ ਹੋਏ। ਇੱਥੇ ਮੌਜੂਦ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਸਰਕਾਰ ਫਾਲਤੂ ਦੇ ਪੈਸੇ ਖਰਚ ਰਹੀ ਹੈ ਪਰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਐਚਐਮਵੀ ਦੀ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਇਸ ਸਬੰਧੀ ਕਿਹਾ ਕਿ ਕਾਲਜ 'ਚ ਕਰੀਬ ਇੱਕ ਹਜ਼ਾਰ ਬੱਚੇ ਸਕੀਮ ਤਹਿਤ ਪੜ੍ਹ ਰਹੇ ਹਨ। ਇਨ੍ਹਾਂ ਵਿੱਚੋਂ ਸਿਰਫ ਕੁਝ ਬੱਚਿਆਂ ਨੇ ਪੇਪਰ ਦੀ ਯੂਨੀਵਰਿਸਟੀ ਫੀਸ ਨਹੀਂ ਦਿੱਤੀ। ਉਹੀ ਧਰਨੇ 'ਤੇ ਬੈਠੇ ਹਨ। ਇਹ ਫੀਸ ਕਾਲਜ ਨਹੀਂ ਚਾਰਜ ਕਰਦਾ, ਸਗੋਂ ਯੂਨੀਵਰਸਿਟੀ ਕਰਦੀ ਹੈ।