ਸੰਗਰੂਰ: ਪਿੰਡ ਚੰਗਾਲੀਵਾਲਾ ਵਿੱਚ ਅਣਮਨੁੱਖੀ ਵਤੀਰੇ ਦੇ ਸ਼ਿਕਾਰ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਗਈਆਂ ਉਨ੍ਹਾਂ ਦੀਆਂ ਸ਼ਰਤਾਂ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾ ਲਿਆ ਹੈ। ਹੁਣ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋ ਜਗਮੇਲ ਸਿੰਘ ਦੀ ਲਾਸ਼ ਨੂੰ ਸਸਕਾਰ ਵਾਸਤੇ ਚੰਡੀਗੜ੍ਹ ਦੇ ਪੀਜੀਆਈ ਤੋਂ ਸੰਗਰੂਰ ਲਿਜਾਇਆ ਜਾ ਰਿਹਾ ਹੈ।
ਦੱਸ ਦੇਈਏ ਪੰਜਾਬ ਸਰਕਾਰ ਨੇ ਜਗਮੇਲ ਸਿੰਘ ਦੇ ਪਰਿਵਾਰ ਨੂੰ 20 ਲੱਖ ਦਾ ਮੁਆਵਜ਼ਾ ਤੇ ਪਤਨੀ ਮਨਜੀਤ ਕੌਰ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਧਰਨਾ ਖਤਮ ਕਰ ਦਿੱਤਾ ਸੀ। ਮੁਆਵਜ਼ੇ ਵਿੱਚ ਪੰਜਾਬ ਸਰਕਾਰ ਨੇ ਜਗਮੇਲ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਵੀ ਗੱਲ ਕੀਤੀ ਤੇ ਉਸ ਦੇ ਘਰ ਦੀ ਮੁਰੰਮਤ ਲਈ ਵੀ 1.25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪਰਿਵਾਰ ਨੂੰ ਮੁਆਵਜ਼ੇ ਵਿੱਚ ਸਭ ਕੁਝ ਦੇਣ ਦਾ ਵਾਅਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਕੈਪਟਨ ਸੰਦੀਪ ਸੰਧੂ ਤੇ ਹੋਰ ਕੈਬਨਿਟ ਮੰਤਰੀਆਂ ਵੱਲੋਂ ਕੀਤਾ ਗਿਆ ਸੀ। ਇਹ ਸਭ ਸ਼ਰਤਾਂ ਮਨਜ਼ੂਰ ਹੋਣ ਤੋਂ ਬਾਅਦ ਜਗਮੇਲ ਸਿੰਘ ਦੇ ਪਰਿਵਾਰ ਨੇ ਧਰਨਾ ਪ੍ਰਦਰਸ਼ਨ ਖਤਮ ਕਰਨ ਦਾ ਫੈਸਲਾ ਕੀਤਾ ਸੀ।