ਜਲੰਧਰ: ਕੱਲ੍ਹ 6 ਮਾਰਚ ਨੂੰ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਮੈਮੋਰੀਅਲ ਦੇ ਦੂਜੇ ਫੇਜ਼ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਸ ਪ੍ਰੋਗਰਾਮ ਵਿੱਚ ਸਰਕਾਰ ਦੇ ਮੰਤਰੀਆਂ ਤੋਂ ਇਲਾਵਾ ਆਮ ਲੋਕ ਵੀ ਸ਼ਾਮਲ ਹੋਣਗੇ ਪਰ ਆਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋਏ ਲੋਕਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਬੁਲਾਇਆ ਗਿਆ।

6 ਨਵੰਬਰ, 2016 ਨੂੰ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ ਸੀ ਤਾਂ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਸੀ। ਸਮਾਗਮ ਤੋਂ ਬਾਅਦ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਮੁੱਖ ਮੰਤਰੀ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ ਸੀ। ਹੁਣ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਬੁਲਾਇਆ ਹੀ ਨਹੀਂ।

ਆਜ਼ਾਦੀ ਘੁਲਾਟੀਆਂ ਦੀ ਜਥੇਬੰਦੀ ਪੰਜਾਬ ਪ੍ਰਧਾਨ ਫਰੀਡਮ ਫਾਈਟਰਜ਼ ਐਂਡ ਸਕਸੈਸਰਜ਼ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਐਸ.ਐਚ. ਖਾਲਸਾ ਨੇ ਕਿਹਾ ਕਿ ਪਿਛਲੀ ਵਾਰ ਸਮਾਗਮ ਵਿੱਚ ਪਾਣੀ ਵੀ ਨਹੀਂ ਪੁੱਛਿਆ ਗਿਆ ਸੀ। ਕੈਪਟਨ ਸਰਕਾਰ ਤੋਂ ਆਸ ਸੀ ਕਿ ਮੰਗਾਂ ਵੱਲ ਧਿਆਨ ਦੇਣਗੇ ਪਰ ਹੈਰਾਨੀ ਹੈ ਕਿ ਸੱਦਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨਾਂ ਬਦਲਿਆ ਹੈ ਬਾਕੀ ਕੁਝ ਨਹੀਂ ਬਦਲਿਆ।

ਉਨ੍ਹਾਂ ਕਿਹਾ ਕਿ ਇੱਕ ਸਾਲ ਵਿੱਚ ਉਹ ਹਰ ਵਿਧਾਇਕ ਤੇ ਮੰਤਰੀ ਨੂੰ ਮੰਗ ਪੱਤਰ ਦੇ ਚੁੱਕੇ ਹਨ ਕਿ ਕੈਪਟਨ ਨਾਲ ਮੀਟਿੰਗ ਕਰਵਾਈ ਜਾਵੇ ਪਰ ਕੋਈ ਵੀ ਕੈਪਟਨ ਨੂੰ ਮਿਲਵਾ ਨਹੀਂ ਸਕਿਆ। ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਨੇ ਨੰਬਰ ਵੀ ਦਿੱਤਾ ਸੀ ਪਰ ਫੋਨ ਹੀ ਨਹੀਂ ਚੁੱਕਦੇ। ਉਹ ਖੁਦ ਆਪਣੇ ਆਪ ਨੂੰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਵਿੱਚੋਂ ਦੱਸਦੇ ਹਨ ਪਰ ਸਾਡੇ ਵੱਲ ਤਾਂ ਵੇਖ ਨਹੀਂ ਰਹੇ।