ਨਵੀਂ ਦਿੱਲੀ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਡਿਨਰ ਪਾਰਟੀ ਵਿੱਚ ਸੱਦੇ ਕਰਕੇ ਵਿਵਾਦਾਂ 'ਚ ਘਿਰੇ ਸਾਬਕਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਲ 1986 ਵਿੱਚ ਹੋਈ ਸ਼ੂਟਿੰਗ ਦੀ ਇੱਕ ਘਟਨਾ ਨੂੰ ਅੱਜ ਇਸ ਤਰੀਕੇ ਨਾਲ ਉਛਾਲਣਾ ਠੀਕ ਨਹੀਂ। ਅਟਵਾਲ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਵਿਰੋਧੀ ਇਸ ਗੱਲ਼ ਨੂੰ ਜਾਣਬੁੱਝ ਕੇ ਮੁੱਦਾ ਬਣਾ ਰਹੇ ਹਨ। ਅਟਵਾਲ ਨੇ ਕੈਨੇਡਾ ਦੀ ਮੀਡੀਆ ਨੂੰ ਇਹ ਵੀ ਕਿਹਾ ਕਿ ਉਹ ਮੁੰਬਈ ਵਿੱਚ ਵਪਾਰ ਨਾਲ ਜੁੜੇ ਕਿਸੇ ਕੰਮ ਆਏ ਸੀ। ਉਨ੍ਹਾਂ ਦਾ ਦਿੱਲੀ ਦੇ ਡਿਨਰ ਵਿੱਚ ਸ਼ਾਮਲ ਹੋਣ ਦਾ ਕੋਈ ਵਿਚਾਰ ਨਹੀਂ ਸੀ। ਅਟਵਾਲ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨਾਲ ਨਫਰਤ ਕਰਨ ਵਾਲੇ ਲੋਕ ਇਸ ਫੋਟੋ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਉਹ 11 ਫਰਵਰੀ ਨੂੰ ਭਾਰਤ ਆਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਡੈਲੀਗੇਸ਼ਨ ਨਾਲ ਨਹੀਂ ਸਗੋਂ ਨਿੱਜੀ ਦੌਰੇ 'ਤੇ ਭਾਰਤ ਆਏ ਸਨ। ਦਰਅਸਲ ਕੈਨੇਡਾ ਦੇ ਹੀ ਇੱਕ ਐਮਪੀ ਰਣਦੀਪ ਐਸ ਸਰਾਏ ਨੇ ਡਿਨਰ ਵਿੱਚ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੁਆਫੀ ਵੀ ਮੰਗੀ ਹੈ। ਇੰਡੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਹੈ ਕਿ ਖਾਲਿਸਤਾਨੀ ਸਮਰਥਕ ਨੂੰ ਵੀਜ਼ਾ ਕਿਵੇਂ ਮਿਲਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦਾ ਡਿਨਰ ਸੱਦਾ ਪੱਤਰ ਰੱਦ ਕਰ ਦਿੱਤਾ ਸੀ। ਪਟੇਲ ਨੇ ਭਾਰਤ ਦੀ ਫੇਰੀ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਟੀਮ ਦੇ ਸਨਮਾਨ ਲਈ ਇਹ ਡਿਨਰ ਪ੍ਰੋਗਰਾਮ ਰੱਖਿਆ ਗਿਆ ਸੀ।