ਚੰਡੀਗੜ੍ਹ: ਪੰਜਾਬੀ ਗਾਇਕ ਜੱਸੀ ਜਸਰਾਜ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹੋਣਗੇ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਇਹ ਐਲਾਨ ਕੀਤਾ।

ਜੱਸੀ ਜਸਰਾਜ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਠਿੰਡਾ ਤੋਂ ਚੋਣ ਲੜੀ ਸੀ, ਪਰ ਹਰਸਿਮਰਤ ਬਾਦਲ ਤੋਂ ਹਾਰ ਗਏ ਸਨ। ਸਾਲ 2014 ਦੀਆਂ ਚੋਣਾਂ ਵਿੱਚ ਜੱਸੀ ਜਸਰਾਜ ਨੇ 87,901 ਵੋਟਾਂ ਹਾਸਲ ਕੀਤੀਆਂ ਸਨ। ਜਸਰਾਜ ਆਪ ਤਾਂ ਨਹੀਂ ਸੀ ਜਿੱਤੇ ਪਰ ਮਨਪ੍ਰੀਤ ਬਾਦਲ ਦੀਆਂ ਬੇੜੀਆਂ 'ਚ ਵੱਟੇ ਜ਼ਰੂਰ ਪਾ ਗਏ ਸਨ ਜਿਨ੍ਹਾਂ ਨੂੰ 4.95 ਲੱਖ ਵੋਟਾਂ ਪਈਆਂ ਸਨ ਅਤੇ ਉਹ ਹਰਸਿਮਰਤ ਬਾਦਲ ਤੋਂ 19 ਕੁ ਹਜ਼ਾਰ ਵੋਟਾਂ ਦੇ ਫਰਕ ਤੋਂ ਹਾਰੇ ਸਨ।

ਪਰ ਹੁਣ ਜਸਰਾਜ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਹਨ ਪਰ ਸੰਗਰੂਰ ਲੋਕ ਸਭਾ ਸੀਟ ਤੋਂ 'ਆਪ' ਦੇ ਪੰਜਾਬ ਪ੍ਰਧਾਨ ਤੇ ਮੌਜੂਦਾ ਐਮਪੀ ਭਗਵੰਤ ਮਾਨ ਨੂੰ ਟੱਕਰਨਗੇ। ਕਿਆਸ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਿੰਦਰ ਢੀਂਡਸਾ ਉਮੀਦਵਾਰ ਹੋ ਸਕਦੇ ਹਨ। ਹੁਣ ਜੱਸੀ ਜਸਰਾਜ ਵੀ ਉੱਥੇ ਆਣ ਪਹੁੰਚੇ ਹਨ ਤੇ ਮੁਕਾਬਲਾ ਰੌਚਕ ਹੋਵੇਗਾ।