ਬਠਿੰਡਾ: ਸੱਤਾ ਤੋਂ ਲਾਂਭੇ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਖਿਲਾਫ਼ ਆਪਣਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦਾ ਖਾਸ ਕਰਕੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਆਪਣੇ ਸ਼ਰੀਕ ਮਨਪ੍ਰੀਤ ਬਾਦਲ ਨੂੰ ਰਗੜੇ ਲਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅੱਜ ਮੌਕਾ ਵੇਖਦਿਆਂ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਮਨਪ੍ਰੀਤ ਬਾਦਲ, ਕਾਂਗਰਸ ਤੇ ਬਠਿੰਡਾ ਪੁਲਿਸ ਨੂੰ ਕਰੜੇ ਹੱਥੀਂ ਲਿਆ।

ਹਰਸਿਮਰਤ ਨੇ ਬੀਤੀ ਰਾਤ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਦੇ ਮਾਮਲੇ 'ਤੇ ਕਾਂਗਰਸ ਨੂੰ ਘੇਰਿਆ। ਹਰਸਿਮਰਤ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਉਨ੍ਹਾਂ ਦੇ ਸਾਲੇ ਜੈਜੀਤ ਸਿੰਘ ਜੌਹਲ ਉੱਪਰ ਵਿਅੰਗ ਕਰਦਿਆਂ ਕਿਹਾ ਕਿ ਪਹਿਲਾਂ ਹੀ ਬਠਿੰਡਾ ਵਿੱਚ ਜੀਐਸਟੀ ਜੀਜਾ ਸਾਲਾ ਟੈਕਸ ਲੱਗਿਆ ਹੋਇਆ ਸੀ। ਹੁਣ ਕੱਲ੍ਹ ਨਵਾਂ ਐਮਐਸਟੀ ਜਾਣੀ ਮਨਪ੍ਰੀਤ ਸਿੰਘ ਟੈਕਸ ਲਾਗੂ ਹੋ ਗਿਆ ਹੈ।

ਸੁਧੀਰ ਬਾਂਸਲ ਦਾ ਸਥਾਨਕ ਸਿਵਲ ਹਸਪਤਾਲ ਵਿੱਚ ਪਤਾ ਲੈਣ ਆਏ ਕੇਂਦਰੀ ਮੰਤਰੀ ਹਰਸਿਮਰਤ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਪੰਜਾਬ ਪੁਲਿਸ 'ਤੇ ਭੜਕਦਿਆਂ ਹਰਸਿਮਰਤ ਨੇ ਬਠਿੰਡਾ ਰੇਂਜ ਦੇ ਆਈਜੀ ਮੁਖਵਿੰਦਰ ਛੀਨਾ ਨੂੰ ਨਿਸ਼ਾਨੇ 'ਤੇ ਲਿਆ। ਗੁੱਸੇ ਵਿੱਚ ਆਏ ਕੇਂਦਰੀ ਮੰਤਰੀ ਨੇ ਪੁਲਿਸ ਨੂੰ ਕਾਂਗਰਸ ਦਾ ਚਪੜਾਸੀ ਤੱਕ ਕਹਿ ਦਿੱਤਾ। ਮੁਖਵਿੰਦਰ ਛੀਨਾ ਦੀ ਗੱਲ ਕਰਦਿਆਂ-ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਇਹੋ ਜੇ ਪੁਲਿਸ ਅਫ਼ਸਰ ਲਾਏ ਹਨ ਜੋ ਕਾਂਗਰਸ ਦੇ ਚਪੜਾਸੀ ਬਣੇ ਹੋਏ ਹਨ।

ਬੀਤੀ ਸ਼ਾਮ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ ਉੱਪਰ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਸੀ। ਸੁਧੀਰ ਬਾਂਸਲ ਦਾ ਇਲਜ਼ਾਮ ਹੈ ਕਿ ਉਸ ਦਾ ਆਪਣੇ ਬਿਜ਼ਨੈਸ ਪਾਰਟਨਰ ਨਾਲ ਕੁਝ ਝਗੜਾ ਚੱਲ ਰਿਹਾ ਸੀ। ਇਸ ਦਾ ਫਾਇਦਾ ਉਠਾਉਂਦਿਆਂ ਕਾਂਗਰਸ ਨੇ ਲੋਕਾਂ ਨੇ ਉਨ੍ਹਾਂ ਦੀ ਹਮਾਇਤ ਕਰਦਿਆਂ ਹਮਲਾ ਕਰਵਾਇਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਸੁਧੀਰ ਬਾਂਸਲ ਦਾ ਹਾਲ ਚਾਲ ਪੁੱਛਣ ਆਏ ਸੀ।