ਕੁਰਕਸ਼ੇਤਰ: ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਵਿੱਚ ਜਾਨ ਦੇਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਅੱਜ ਛੇ ਦਿਨ ਬਾਅਦ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਮ ਅਰਦਾਸ 29 ਮਾਰਚ ਨੂੰ ਅੰਬਾਲਾ ਦੇ ਲਖਨੌਰ ਸਾਹਿਬ ਗੁਰਦੁਆਰਾ ਵਿੱਚ ਹੋਏਗੀ।

ਅੱਜ ਸਵੇਰੇ ਸਿੱਖ ਜਥੇਬੰਦੀਆਂ ਨੇ ਹਰਿਆਣਾ ਸਰਕਾਰ ‘ਤੇ ਮੁੱਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਦੇਹ ਪੰਜਾਬ ਲਿਜਾਣ ਲਈ ਮਜਬੂਰ ਹੋਣਗੇ। ਇਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਚੱਲਿਆ ਤੇ ਸਿੱਖ ਜਥੇਬੰਦੀਆਂ ਨੂੰ ਕਰਵਾਈ ਦਾ ਭਰੋਸਾ ਦਿਵਾਇਆ।

ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਸਰਕਾਰ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਲਈ ਜ਼ਿੰਮੇਵਾਰ ਦੋ ਥਾਣੇਦਾਰਾਂ ਨੂੰ ਮੁਅੱਤਲ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਅਜੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਉਨ੍ਹਾਂ ਧਮਕੀ ਦਿੱਤੀ ਸੀ ਕਿ ਜੇਕਰ ਇੱਕ ਘੰਟੇ ਵਿੱਚ ਮੁਅੱਤਲੀ ਦੀ ਕਾਪੀ ਨਾ ਸੌਂਪੀ ਤਾਂ ਉਹ ਖਾਲਸਾ ਦੀ ਦੇਹ ਨੂੰ ਪੰਜਾਬ ਲਿਜਾਣ ਲਈ ਮਜਬੂਰ ਹੋਣਗੇ। ਇਸ ਮਗਰੋਂ ਸਰਕਾਰ ਨੇ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਦਿਵਾਇਆ।