ਲੁਧਿਆਣਾ: ਐਸਟੀਐਫ ਲੁਧਿਆਣਾ ਦੀ ਟੀਮ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਅਰਬ ਰੁਪਏ ਮੁੱਲ ਦੀ 40 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲ਼ਿਸ ਨੇ ਸੂਹ ਦੇ ਅਧਾਰ 'ਤੇ ਹੀ ਉਸ ਨੂੰ ਗ੍ਰਿਫਤਾਰ ਕੀਤਾ ਹੈ। ਉਹ ਪਹਿਲਾਂ ਵੀ ਨਸ਼ੇ ਦਾ ਕਾਰੋਬਾਰ ਕਰਦਾ ਰਿਹਾ ਹੈ।
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਪਾਲ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਕੀਤੀ ਗਈ ਹੈ। ਉਸ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਕੋਲੋਂ ਆਉਣ ਵਾਲੇ ਦਿਨਾਂ 'ਚ ਵੱਡੇ ਖੁਲਾਸੇ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਸਪੈਸ਼ਲ ਟਾਸਕ ਫੋਰਸ ਨੇ ਥਾਣਾ ਕੂੰਮਕਲਾਂ ਕੋਲੋਂ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਨੂੰ 260 ਗ੍ਰਾਮ ਹੈਰੋਇਨ ਅਤ 47 ਹਜ਼ਾਰ ਰੁਪਏ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਕਾਬੂ ਕੀਤੇ ਗਏ ਕੁਲਵੰਤ ਸਿੰਘ ਉਰਫ ਕਾਲਾ ਵਾਸੀ ਪਿੰਡ ਚੌਂਤਾ (ਲੁਧਿਆਣਾ) ਕੋਲੋਂ ਵੀ ਪੁਲ਼ਿਸ ਨੂੰ ਕਈ ਸੁਰਾਗ ਮਿਲੇ ਸੀ।
ਐਸਟੀਐਫ ਲੁਧਿਆਣਾ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਪ੍ਰਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਹੋਰ ਤਸਕਰ ਵੀ ਗ੍ਰਿਫਤਾਰ ਹੋਣਗੇ।