ਸਾਊਦੀ ਅਰਬ 'ਚ ਤਸ਼ੱਦਦ ਝੱਲ ਕੇ ਘਰ ਪਰਤੀ ਜੀਵਨ ਜੋਤੀ
ਏਬੀਪੀ ਸਾਂਝਾ | 04 Jan 2018 10:09 AM (IST)
ਗੁਰਾਇਆ- ਰੁਜ਼ਗਾਰ ਲਈ ਸਾਊਦੀ ਅਰਬ ਗਈ ਪਿੰਡ ਰੁੜਕਾ ਖੁਰਦ ਦੀ ਜੀਵਨ ਜੋਤੀ ਵਾਪਸ ਆਪਣੇ ਘਰ ਆ ਗਈ ਹੈ। ਉਹ ਉਥੇ ਕੰਮ ਕਰਵਾਉਣ ਵਾਲਿਆਂ ਦੇ ਤਸ਼ੱਦਦ ਤੋਂ ਏਨੀ ਪ੍ਰੇਸ਼ਾਨ ਹੋਈ ਕਿ ਉਸ ਨੇ ਆਪਣੀ ਵੀਡੀਓ ਸੋਸ਼ਲ ਮੀਡੀਏ ਉੱਤੇ ਪੋਸਟ ਕਰਕੇ ਸਹਾਇਤਾ ਦੀ ਗੁਹਾਰ ਲਾਈ ਸੀ। ਰੁੜਕਾ ਖੁਰਦ ਦੀ ਜੀਵਨ ਜੋਤੀ ਪਤਨੀ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ 11 ਜੂਨ 2017 ਨੂੰ ਆਪਣੇ ਪਿੰਡ ਦੇ ਏਜੰਟ ਦੀ ਮਦਦ ਨਾਲ ਸਾਊਦੀ ਅਰਬ ਗਈ ਸੀ, ਉਸ ਨੂੰ ਇਥੋਂ ਜਾਣ ਵੇਲੇ ਦੱਸਿਆ ਗਿਆ ਕਿ ਉਸ ਨੂੰ ਇਕ ਘਰ ਵਿੱਚ ਘਰ ਦਾ ਕੰਮ ਕਰਨਾ ਪਵੇਗਾ, ਜਦ ਕਿ ਉਸ ਤੋਂ ਦਿਨ ਰਾਤ ਕਈ ਘਰਾਂ ‘ਚ ਕੰਮ ਲਿਆ ਜਾਂਦਾ ਤੇ ਤਸ਼ੱਦਦ ਵੀ ਕੀਤਾ ਜਾਂਦਾ ਸੀ। ਜੀਵਨ ਜੋਤੀ ਨੇ ਦੱਸਿਆ ਕਿ ਉਸ ਦੀ ਡੇਢ ਮਹੀਨੇ ਦੀ ਤਨਖਾਹ ਵੀ ਉਸ ਨੂੰ ਨਹੀਂ ਮਿਲੀ। ਉਹ ਭਾਰਤੀ ਦੂਤਘਰ ਸਾਊਦੀ ਅਰਬ 21 ਦਿਨ ਰਹੀ, ਜਿਸ ਤੋਂ ਬਾਅਦ ਦੂਤਘਰ ਨੇ ਉਸ ਨੂੰ ਵਾਈਟ ਪਾਸਪੋਰਟ ਉਤੇ ਭਾਰਤ ਭੇਜਿਆ ਹੈ। ਘਰ ਪੁੱਜਣ ‘ਤੇ ਜੀਵਨ ਜੋਤੀ ਖੁਸ਼ ਨਜ਼ਰ ਆ ਰਹੀ ਸੀ।